ਜਸਵੀਰ ਸਿੰਘ ਵਜੀਦਕੇ/ਗੁਰਮੁੱੱਖ ਸਿੰਘ ਹਮੀਦੀ, ਮਹਿਲ ਕਲਾਂ : ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਦਲਿਤ ਵਿਰੋਧੀ ਪਾਰਟੀਆਂ ਹਨ। ਦਿੱਲੀ ਤੁਗਲਕਾਵਾਦ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ 500 ਸਾਲ ਪੁਰਾਣੇ ਮੰਦਰ ਨੂੰ ਕਿਸੇ ਸੋਚੀ ਸਮਝੀ ਸਾਜ਼ਿਸ਼ ਤਹਿਤ ਢਹਿ-ਢੇਰੀ ਕਰ ਦਿੱਤਾ ਹੈ। 1986 'ਚ ਕੇਂਦਰ 'ਚ ਕਾਂਗਰਸ ਦੀ ਸਰਕਾਰ ਸਮੇਂ ਵੀ ਉਕਤ ਮੰਦਰ ਵਾਲੀ ਜ਼ਮੀਨ ਨੂੰ ਐਕਵਾਇਰ ਕਰਨ ਦਾ ਕੰਮ ਸੁਰੂ ਕੀਤਾ ਸੀ ਜਿਸ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਆਪਣੀ ਸਹਿਮਤੀ ਦਿੱਤੀ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਮੰਦਰ ਵਾਲੀ ਜ਼ਮੀਨ ਦਿੱਲੀ ਵਿਕਾਸ ਅਥਾਰਟੀ ਅਧੀਨ ਆਉਂਦੀ ਹੈ ਜਿਸ ਨੂੰ ਸੈਂਟਰ ਸਰਕਾਰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ 150-200 ਸਾਲ ਪੁਰਾਣੀਆਂ ਪੁਰਾਤਨ ਇਮਾਰਤਾਂ ਢਾਹੁਣ ਲਈ ਪੁਰਾਤਨ ਵਿਭਾਗ ਵੱਲੋਂ ਬਾਕਾਇਦਾ ਫੰਡ ਰੱਖੇ ਜਾਂਦੇ ਹਨ ਜਦਕਿ ਤੁਗਲਕਾਵਾਦ 'ਚ ਗੁਰੂ ਰਵਿਦਾਸ ਮੰਦਰ ਨੂੰ ਚੁੱਪ-ਚਪੀਤੇ ਢਾਹ ਦਿੱਤਾ ਹੈ। ਮੋਦੀ ਸਰਕਾਰ ਦੇ ਇਸ ਫ਼ੈਸਲੇ ਖਿਲਾਫ ਆਮ ਆਦਮੀ ਪਾਰਟੀ ਦਾ ਵਫ਼ਦ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮਿਲਣ ਜਾ ਰਿਹਾ ਹੈ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਰਵਿਦਾਸੀਆ ਭਾਈਚਾਰੇ ਨਾਲ ਹੈ। 13 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਆਪ ਪੂਰਨ ਸਹਿਯੋਗ ਕਰੇਗੀ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਮਨਜੀਤ ਸਿੰਘ ਸਹਿਜੜਾ ਅਤੇ ਬਿੰਦਰ ਸਿੰਘ ਖਾਲਸਾ ਹਾਜ਼ਰ ਸਨ।

Posted By: Seema Anand