ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਸ਼੍ਰੀ ਗਿਰੀਰਾਜ ਹੈਲਥ ਕੇਅਰ ਸੁਸਾਇਟੀ ਬਰਨਾਲਾ ਵਲੋਂ ਸ਼ਹਿਰ ਨਿਵਾਸੀਆਂ ਨੂੰ ਆਧੁਨਿਕ ਸਹੂਲਤ ਵਾਲੀ ਐਂਬੂਲੈਸ ਭੇਂਟ ਕੀਤੀ ਗਈ। ਜਿਸ ਨੂੰ ਪੰਜਾਬ ਕਾਂਗਰਸ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਢਿੱਲੋਂ ਨੇ ਕਿਹਾ ਕਿ ਮਾਨਵਤਾ ਨੂੰ ਹੈਲਥ ਸੁਵਿਧਾਵਾਂ ਦੇਣਾ ਸਭ ਤੋਂ ਵੱਡਾ ਪੁੰਨ ਹੈ।

ਇਸ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ। ਢਿੱਲੋਂ ਨੇ ਕਿਹਾ ਕਿ ਬਰਨਾਲਾ ਸ਼ਹਿਰ ਦਾਨੀਆਂ ਦਾ ਸ਼ਹਿਰ ਹੈੈ, ਲੋਕ ਸੇਵਾ ’ਚ ਇਸ ਸ਼ਹਿਰ ਦੇ ਵਸਿੰਦੇ ਹਮੇਸਾ ਅੱਗੇ ਰਹਿੰਦੇ ਹਨ। ਉਨ੍ਹਾਂ ਨੇ ਜਿੱਥੇ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਲੋੜਵੰਦਾਂ ਦੀ ਮੱਦਦਗਾਰ ਦੱਸਿਆ ਉੱਥੇ ਹੀ ਸੁਸਾਇਟੀ ਦੇ ਇਸ ਕਾਰਜ ਦੀ ਵੀ ਸਲਾਘਾ ਕੀਤੀ।

ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਮਿੱਤਲ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਨੇ ਦੱਸਿਆ ਕਿ ਇਸ ਐਂਬੂਲੈਂਸ ਦੇ ਦੋ ਚਾਲਕ ਹੋਣਗੇ, ਜੋ 12-12 ਘੰਟੇ ਡਿਊਟੀ ’ਤੇ ਤਾਇਨਾਤ ਰਹਿਣਗੇ। ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਸਹੂਲਤਾਂ ਵਾਲੀ ਆਧੁਨਿਕ ਐਂਬੂਲੈਂਸ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸੁਸਾਇਟੀ ਵਲੋਂ ਤਿਆਰ ਕਰਵਾਈ ਗਈ ਹੈ। ਇਹ ਐਂਬੂਲੈਂਸ ਸਿਵਲ ਹਸਪਤਾਲ ਬਰਨਾਲਾ ਵਿਖੇ ਹੀ ਮਰੀਜ਼ਾਂ ਦੀ ਸਹੂਲਤ ਲਈ 24 ਘੰਟੇ ਸੇਵਾ ’ਚ ਹਾਜ਼ਰ ਰਹੇਗੀ।

ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਮਿੱਤਲ, ਕੌਂਸਲਰ ਮਹੇਸ਼ ਲੋਟਾ, ਆਸਥਾ ਇਨਕਲੇਵ ਦੇ ਐਮਡੀ ਦੀਪਕ ਸੋਨੀ, ਵਿਜੈ ਕੁਮਾਰ ਭਦੌੜ ਵਾਲੇ, ਡਾ. ਹਰੀਸ ਮਿੱਤਲ, ਚੇਅਰਮੈਨ ਮਾਰਕੀਟ ਕਮੇਟੀ ਧਨੌਲਾ ਜੀਵਨ ਬਾਂਸਲ, ਰਾਜੀਵ ਲੂਬੀ, ਭਾਰਤ ਮੋਦੀ ਤੋਂ ਇਲਾਵਾ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਗਰਗ, ਐਸਐਮਓ ਤਪਿੰਦਰਜੋਤ ਜੋਤੀ ਕੌਸ਼ਲ, ਨਗਰ ਕੌਂਸਲ ਦੇ ਜੇਈ ਮੇਜਰ ਸਿੰਘ, ਦੀਪ ਸੰਘੇੜਾ, ਹਰਦੀਪ ਜਾਗਲ, ਬਿੱਟੂ ਢਿੱਲੋਂ ਆਦਿ ਵੀ ਹਾਜ਼ਰ ਸਨ ।


ਐੱਸਐੱਸਪੀ ਸੰਦੀਪ ਗੋਇਲ ਦੇ ਯਤਨਾਂ ਨਾਲ ਬਣੀ ਸੀ ਸੰਸਥਾ

ਜ਼ਿਕਰਯੋਗ ਹੈ ਕਿ ਸ਼੍ਰੀ ਗਿਰੀਰਾਜ ਹੈਲਥ ਕੇਅਰ ਸੁਸਾਇਟੀ ਦਾ ਗਠਨ ਕੋਰੋਨਾ ਮਹਾਮਾਰੀ ਵਾਇਰਸ ਤੋਂ ਬਚਾਓ ਦੇ ਮੱਦੇਨਜ਼ਰ ਲੱਗੇ ਲਾਕਡਾਊਨ ’ਚ ਹੋਇਆ ਸੀ। ਜਿਸ ਦਾ ਸਿਹਰਾ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਸਿਰ ਬੱਝਦਾ ਹੈ। ਜਿਨ੍ਹਾਂ ਨੇ ਕੋਰੋਨਾ ਤੋਂ ਬਚਾਉਣ ਲਈ ਹਰ ਹੀਲੇ-ਵਸੀਲੇ ਵਰਤਦਿਆਂ ਸ਼ਹਿਰ ਵਾਸੀਆਂ ਨੂੰ ਮਹਾਮਾਰੀ ਦੇ ਜਿੱਥੇ ਸੰਕਟ ਤੋਂ ਬਚਾਇਆ ਉੱਥੇ ਹੀ ਸ਼ਹਿਰ ਦੇ ਦਾਨੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਦਿਆਂ ਕਰੋੜ ਰੁਪਏ ਦੇ ਕਰੀਬ ਫੰਡ ਇਕੱਠਾ ਕਰਕੇ ਇਸ ਸੰਸਥਾ ਦਾ ਗਠਨ ਕਰ ਸ਼ਹਿਰ ਦੇ ਪਤਵੰਤਿਆਂ ਨੂੰ ਹੀ ਇਸ ਦਾ ਜਿੰਮਾ ਸੌਂਪ ਦਿੱਤਾ।

ਜਿਨ੍ਹਾਂ ਨੇ ਸਾਰੀ ਰਕਮ ਬੈਂਕ ’ਚ ਜਮ੍ਹਾਂ ਕਰਵਾਈ, ਤੇ ਅੱਜ ਸ਼ਹਿਰ ਵਾਸੀਆਂ ਨੂੰ ਇਕ ਐਂਬੂਲੈਂਸ ਦੇ ਰੂਪ ’ਚ ਲੋੜਵੰਦ ਮਰੀਜ਼ਾਂ ਦੀ ਮੱਦਦ ਲਈ ਅੱਗੇ ਆ ਕੇ 25 ਲੱਖ ਰੁਪਏ ਕਰੀਬ ਇਹ ਐਂਬੂਲੈਂਸ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਕਾਰਜ ’ਤੇ ਵੀ ਸ਼ਹਿਰ ਦੇ ਮੋਹਤਵਰ ਵਿਅਕਤੀਆਂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਦੀ ਵੀ ਸਲਾਘਾ ਕੀਤੀ ਗਈ।

Posted By: Jagjit Singh