ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਨੇੜਲੇ ਪਿੰਡ ਵਿਖੇ 29 ਸਤੰਬਰ ਦੀ ਦੇਰ ਸ਼ਾਮ 15 ਸਾਲਾ ਨਾਬਾਲਿਗਾ ਨੂੰ ਅਗਵਾ ਕਰ ਕੇ ਉਸ ਨਾਲ ਚਾਰ ਨੌਜਵਾਨਾਂ ਵੱਲੋਂ ਸਮੂਹਿਕ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਨਾਬਾਲਿਗਾ ਦੇਰ ਸ਼ਾਮ ਕਰੀਬ 8 ਵਜੇ ਆਪਣੇ ਘਰ ਤੋਂ ਕਿਸੇ ਕੰਮ ਨੂੰ ਜਾ ਰਹੀ ਸੀ ਕਿ ਇਸ ਦੌਰਾਨ ਚਾਰ ਨੌਜਵਾਨ ਉਸ ਨੂੰ ਕਾਰ 'ਚ ਅਗਵਾ ਕਰ ਕੇ ਉਸਾਰੀ ਅਧੀਨ ਸਕੂਲ 'ਚ ਲੈ ਗਏ, ਜਿਥੇ ਉਕਤ ਨੌਜਵਾਨਾਂ ਨੇ ਨਾਬਾਲਿਗਾ ਨੂੰ ਤਿੰਨ ਦਿਨ ਬੰਦੀ ਬਣਾ ਕੇ ਰੱਖਿਆ ਤੇ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਉਕਤ ਨੌਜਵਾਨਾਂ ਵੱਲੋਂ ਨਾਬਾਲਿਗਾ ਨੂੰ ਨਸ਼ੇ ਦੀ ਡੋਜ਼ ਦੇ ਕੇ ਨਸ਼ੇ ਦੀ ਹਾਲਤ 'ਚ ਰੱਖਿਆ ਗਿਆ। ਲੜਕੀ ਦੇ ਲਾਪਤਾ ਹੋਣ 'ਤੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਸ਼ਹਿਰੀ ਪੁਲਿਸ ਨੂੰ ਦਿੱਤੀ। ਤਿੰਨ ਦਿਨਾਂ ਬਾਅਦ ਪੀੜਤਾ ਕਿਸੇ ਤਰ੍ਹਾਂ ਉਕਤ ਮੁਲਜ਼ਮਾਂ ਦੇ ਚੁੰਗਲ 'ਚੋਂ ਨਿਕਲ ਕੇ ਖ਼ੁਦ ਘਰ ਪਰਤ ਆਈ।

ਪੀੜਤਾ ਦੇ ਚਾਚਾ ਨੇ ਦੱਸਿਆ ਕਿ ਜਦ ਲੜਕੀ ਘਰ ਪਹੁੰਚੀ, ਤਾਂ ਉਨ੍ਹਾਂ ਤੁਰੰਤ ਹੀ ਇਸ ਦੀ ਸੂਚਨਾ ਥਾਣਾ ਸਹਿਣਾ ਦੀ ਪੁਲਿਸ ਨੂੰ ਦਿੱਤੀ। ਬੁੱਧਵਾਰ ਸਵੇਰੇ ਉਨ੍ਹਾਂ ਨੇ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਤਪਾ 'ਚ ਭਰਤੀ ਕਰਵਾਇਆ, ਜਿਥੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਰੈਫ਼ਰ ਕਰ ਦਿੱਤਾ। ਡਾਕਟਰਾਂ ਵੱਲੋਂ ਨਾਬਾਲਿਗ ਦਾ ਮੈਡੀਕਲ ਕਰ ਕੇ ਉਸ ਦਾ ਸੈਂਪਲ ਲੈਬ 'ਚ ਜਾਂਚ ਲਈ ਭੇਜ ਦਿੱਤਾ ਹੈ।

ਥਾਣਾ ਸਹਿਣਾ ਦੀ ਸਬ-ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਪੀੜਤਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਮੁਲਜ਼ਮਾਂ 'ਚੋਂ ਤਿੰਨ ਜਣਿਆਂ ਨੂੰ ਜਾਣਦੀ ਹੈ, ਜਿਨ੍ਹਾਂ 'ਚ ਗੋਸਾ, ਸਨੀ ਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ, ਜੋ ਮੌੜ ਨਾਭਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਐੱਸਐੱਸਪੀ ਬਰਨਾਲਾ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Posted By: Amita Verma