ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਦੇ ਹੱਕ 'ਚ ਸਰਕਾਰ ਖਿਲਾਫ਼ ਫਿਲਮੀ ਹਸਤੀਆਂ ਵੀ ਡਟੀਆਂ, 31 ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਹੇਠ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ 'ਤੇ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਿਸਾਨਾਂ ਦੇ ਹੱਕ 'ਚ ਫਿਲਮੀ ਕਲਾਕਾਰ ਤੇ ਸੰਗੀਤ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ, ਉਸੇ ਤਰ੍ਹਾਂ ਹੀ ਬਰਨਾਲਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੇ ਹੱਕ 'ਚ ਫਿਲਮੀ ਹਸਤੀਆਂ ਅਦਾਕਾਰਾ ਰੁਪਿੰਦਰ ਰੂਪੀ, ਪਰਮਿੰਦਰ ਗਿੱਲ, ਸਿਮਰਨ ਅਕਸ, ਅਦਾਕਾਰ ਸੁਖਦੇਵ ਬਰਨਾਲਾ, ਭੁਪਿੰਦਰ ਬਰਨਾਲਾ, ਯਸ ਭੁੱਲਰ, ਹਰਪ੍ਰੀਤ ਭੁੱਲਰ ਤੇ ਸੰਗੀਤਕਾਰ ਮਿਊਜ਼ਿਕ ਅੰਪਾਇਰ, ਗੈਗੀ ਜੀ, ਬਿੱਕਾ ਮਨਿਹਾਰ, ਯਾਦ ਧਾਲੀਵਾਲ ਸੈਂਡੀ ਆਦਿ ਨੇ ਪਹਿਲਾਂ ਰੇਲਵੇ ਟਰੈਕ ਤੇ ਰੇਲ ਰੋਕੂ ਸੰਘਰਸ਼ ਦੇ ਮੰਚ ਤੋਂ ਸੰਬੋਧਨ ਹੋਏ ਬਾਅਦ 'ਚ ਪਿੰਡ ਠੀਕਰੀਵਾਲ ਤੇ ਖੁੱਡੀ ਆਦਿ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੇ ਧਰਨੇ 'ਚ ਸ਼ਮੂਲੀਅਤ ਕੀਤੀ।ਇਸ ਮੌਕੇ ਜਿੱਥੇ ਫਿਲਮੀ ਅਦਾਕਾਰਾ ਪਰਮਿੰਦਰ ਗਿੱਲ ਨੇ ਸੰਤ ਰਾਮ ਉਦਾਸੀ ਦਾ ਗੀਤ ਕਿਸਾਨਾਂ ਦੀ ਹਰ ਸਟੇਜ ਤੋਂ ਗਾਇਆ, ਉੱਥੇ ਹੀ ਸੁਖਦੇਵ ਬਰਨਾਲਾ ਤੇ ਫ਼ਿਲਮੀ ਲੇਖਕ ਤੇ ਨਿਰਦੇਸ਼ਕ ਜਤਿੰਦਰ ਜੀਤ ਵੀ ਸਰਕਾਰ 'ਤੇ ਵਰਦਿਆਂ ਕਿਸਾਨਾਂ ਦੇ ਹੱਕ 'ਚ ਸੰਬੋਧਨ ਹੋਏ। ਕਿਸਾਨਾਂ ਦੇ ਸੰਘਰਸ਼ ਤੇ ਸਜੇ ਹਰ ਮੰਚ ਤੋਂ ਜੋਸ਼ ਭਰੇ ਭਾਸ਼ਣ ਨਾਲ ਅਦਾਕਾਰਾ ਰਪਿੰਦਰ ਰੂਪੀ ਨੇ ਸਰਕਾਰ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕਰਦਿਆਂ ਕਿਸਾਨਾਂ ਦੇ ਸੰਘਰਸ਼ 'ਚ ਨਵਾਂ ਜੋਸ਼ ਭਰਿਆ। ਉਨ੍ਹਾਂ ਇਸ ਸੰਘਰਸ਼ਮਈ ਧਰਨਿਆਂ 'ਚ ਸਰਕਾਰ ਖਿਲਾਫ ਜਿੱਥੇ ਜੰਮ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਪਾਸ ਕੀਤੇ ਸਰਕਾਰ ਵੱਲੋਂ ਖੇਤੀ ਬਿੱਲਾਂ ਨੂੰ ਕਿਸਾਨ ਵਿਰੋਧੀ ਦੱਸਿਆ।

Posted By: Jagjit Singh