ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਨੂੰ ਪਾਸ ਕਰਨ ਦੇ ਵਿਰੋਧ 'ਚ ਕਿਸਾਨਾਂ ਦੇ ਵੱਲੋਂ ਦਿੱਤੇ ਧਰਨੇ ਤੇ ਰੋਸ ਪ੍ਰਦਰਸ਼ਨ ਦੌਰਾਨ ਬਰਨਾਲਾ ਸ਼ਹਿਰ 'ਚ ਲੱਗੇ ਅਕਾਲੀ-ਭਾਜਪਾ ਦੇ ਫਲੈਕਸ ਕਿਸਾਨਾਂ ਨੇ ਪਾੜ ਦਿੱਤੇ। ਕੇਂਦਰ ਸਰਕਾਰ ਖ਼ਿਲਾਫ਼ ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ ਤੇ ਇਕੱਠੇ ਹੋਏ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ 'ਚੋਂ ਕਿਸਾਨਾਂ ਵੱਲੋਂ ਰੋਹ 'ਚ ਆ ਕੇ ਰੇਲਵੇ ਸਟੇਸ਼ਨ ਨੇੜੇ ਲੱਗੇ ਅਕਾਲੀ ਭਾਜਪਾ ਆਗੂਆਂ ਦੇ ਫਲੈਕਸਾਂ ਨੂੰ ਪਾੜਿਆ ਗਿਆ ਤੇ ਯੂਨੀਪੋਲ ਤੇ ਲੱਗੇ ਭਾਜਪਾ ਦੇ ਫਲੈਕਸ ਵੀ ਪਾੜ ਕੇ ਉਤਾਰੇ ਗਏ, ਭਾਵੇਂ ਇਸ ਰੋਹ 'ਚ ਆਏ ਕਿਸਾਨਾਂ ਦੇ ਗੁੱਸੇ ਨੂੰ ਥਾਣਾ ਸਿਟੀ ਇਕ ਦੇ ਮੁਖੀ ਰੁਪਿੰਦਰ ਪਾਲ ਵੱਲੋਂ ਮਾਮਲੇ ਨੂੰ ਸ਼ਾਂਤ ਕੀਤਾ ਗਿਆ। ਬਾਜ਼ਾਰ 'ਚ ਲੱਗੇ ਹੋਰ ਅਕਾਲੀ ਭਾਜਪਾ ਦੇ ਫਲੈਕਸ ਪਾੜਨ ਤੋਂ ਰੋਕਿਆ ਗਿਆ, ਉੱਧਰ ਕਿਸਾਨਾਂ ਦਾ ਗੁੱਸਾ ਵੀ ਠੰਡਾ ਨਹੀਂ ਹੋ ਰਿਹਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਇਕ ਅਕਤੂਬਰ ਤੱਕ ਪਾਸ ਕੀਤੇ ਗਏ ਖੇਤੀ ਬਿੱਲ ਰੱਦ ਨਾ ਹੋਏ ਤਾਂ ਉਹ ਅਕਾਲੀ ਭਾਜਪਾ ਦੇ ਜ਼ਿਲ੍ਹੇ 'ਚ ਹਰ ਥਾਂ 'ਤੇ ਲੱਗੇ ਫਲੈਕਸਾਂ ਨੂੰ ਉਤਾਰ ਦੇਣਗੇ ਤੇ ਪਾੜ ਦੇਣਗੇ ਤੇ ਪਿੰਡ 'ਚ ਕਿਸੇ ਵੀ ਅਕਾਲੀ-ਭਾਜਪਾ ਆਗੂ ਨੂੰ ਨਹੀਂ ਵੜ੍ਹਨ ਦੇਣਗੇ। ਉਨ੍ਹਾਂ ਸਿਆਸੀ ਆਗੂਆਂ ਨੂੰ ਕਿਹਾ ਕਿ ਜੋ ਕਿਸਾਨਾਂ ਨਾਲ ਖੜ੍ਹੇਗਾ ਉਹੀ ਵੋਟਾਂ ਵੇਲੇ ਪਿੰਡਾਂ 'ਚ ਬੜੇਗਾ।

Posted By: Jagjit Singh