ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਭੋਤਨਾ 'ਚ ਪਿਛਲੇ 50 ਸਾਲਾਂ ਤੋਂ ਚੱਲੇ ਆ ਰਹੇ ਪੀੜ੍ਹੀ ਦਰ ਪੀੜ੍ਹੀ ਕਰਜ਼ਾ ਨਾ ਮੋੜਨ ਕਾਰਨ ਇਕ ਹੀ ਪਰਿਵਾਰ ਦੇ ਪੰਜ ਜੀਅ ਮੌਤ ਨੂੰ ਗਲ ਲਾ ਚੁੱਕੇ ਹਨ। ਹੁਣ 10 ਸਤੰਬਰ ਨੂੰ ਪਿੰਡ ਭੋਤਨਾ ਦੇ 21 ਸਾਲ ਦੇ ਨੌਜਵਾਨ ਲਵਪ੍ਰੀਤ ਸਿੰਘ ਉਰਫ਼ ਲੱਬੂ ਨੇ ਆਪਣੇ ਖੇਤ 'ਚ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ। ਹੁਣ ਉਸ ਦੇ ਘਰ 'ਚ ਮ੍ਰਿਤਕ ਲਵਪ੍ਰੀਤ ਸਿੰਘ ਦੀ ਦਾਦੀ ਗੁਰਦੀਪ ਕੌਰ (70) , ਮਾਤਾ ਹਰਪਾਲ ਕੌਰ (50) ਤੇ ਭੈਣ ਮਨਪ੍ਰੀਤ ਕੌਰ (23) ਰਹਿ ਗਏ ਹਨ। ਹੁਣ ਘਰ 'ਚ ਕਮਾਉਣ ਵਾਲਾ ਕੋਈ ਨਹੀਂ ਹੈ।

ਲਵਪ੍ਰੀਤ ਦੇ ਪੜਦਾਦਾ ਜੋਗਿੰਦਰ ਸਿੰਘ ਨੇ ਕੁੱਝ ਕਰਜ਼ ਲਿਆ ਸੀ, ਜਿਸ ਨੂੰ ਉਹ ਮੋੜ ਨਾ ਸਕਿਆ। ਇਸ ਕਾਰਨ ਉਸ ਨੇ 1970 'ਚ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ। ਲਵਪ੍ਰੀਤ ਦੇ ਪੜਦਾਦੇ ਦਾ ਭਰਾ ਭਗਵਾਨ ਸਿੰਘ ਵੀ ਇਸ ਕਰਜ਼ ਨੂੰ ਨਹੀਂ ਮੋੜ ਸਕਿਆ ਤਾਂ 1980 'ਚ ਉਸ ਨੇ ਵੀ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਲਗਾਤਾਰ ਵਧ ਰਹੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਦਾਦਾ ਨਾਹਰ ਸਿੰਘ ਨੇ ਸਾਲ 2000 'ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਲਵਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਨੇ 6 ਜਨਵਰੀ 2018 ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਪਰਿਵਾਰ 'ਚ ਬਚੇ ਲਵਪ੍ਰੀਤ ਸਿੰਘ ਉਰਫ਼ ਲੱਭੂ ਨੇ ਵੀ ਇਸ ਕਰਜ਼ ਨੂੰ ਨਾ ਮੋੜਨ ਤੋਂ ਦੁਖੀ ਹੋ ਕੇ 10 ਸਤੰਬਰ ਨੂੰ ਆਪਣੇ ਖੇਤਾਂ 'ਚ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ।

ਦਾਦੀ ਗੁਰਦੀਪ ਕੌਰ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਦੇ ਪੜਦਾਦਾ ਜੋਗਿੰਦਰ ਸਿੰਘ ਦੇ ਕੋਲ 13 ਏਕੜ ਜ਼ਮੀਨ ਸੀ ਪਰ ਕਰਜ਼ਾ ਦਿਨ-ਬ-ਦਿਨ ਵਧਦਾ ਗਿਆ। ਜ਼ਮੀਨ ਘਟਦੀ ਗਈ ਤੇ ਸਿਰ ਚੜ੍ਹੇ ਕਰਜ਼ੇ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਹੁਣ ਲਵਪ੍ਰੀਤ ਦੇ ਕੋਲ ਸਿਰਫ ਅੱਧਾ ਏਕੜ ਜ਼ਮੀਨ ਹੀ ਬਚੀ ਸੀ, ਉਹ ਵੀ ਗਹਿਣੇ ਸੀ। ਉੱਪਰੋਂ 13 ਲੱਖ ਰੁਪਏੇ ਦਾ ਬੈਂਕ ਕਰਜ਼ਾ, ਸੁਸਾਇਟੀ ਤੇ ਆੜ੍ਹਤੀਆਂ ਦਾ ਕਰਜ਼ਾ ਸੀ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ।


ਪਿੰਡ ਦੇ ਲੋਕ ਮਾਰਦੇ ਸੀ ਤਾਅਨੇ

ਮ੍ਰਿਤਕ ਲਵਪ੍ਰੀਤ ਸਿੰਘ ਦੀ ਭੈਣ ਮਨਪ੍ਰੀਤ ਕੌਰ ਨੇ ਦੱਸਿਆ ਕਿ ਜਦ ਉਸ ਦਾ ਭਰਾ ਲਵਪ੍ਰੀਤ ਸਿੰਘ ਕਦੇ ਨਵੇਂ ਕੱਪੜੇ ਪਾ ਲੈਂਦਾ ਸੀ ਤਾਂ ਪਿੰਡ ਦੇ ਲੋਕ ਉਸ ਨੂੰ ਤਾਅਨੇ ਮਾਰਦੇ ਸੀ ਕਿ ਇਹ ਕੱਪੜੇ ਸਰਕਾਰ ਦੇ ਪੈਸਿਆਂ ਦੇ ਆਏ ਹੋਏ ਹਨ, ਜਿਸ ਕਾਰਨ ਉਸ ਦਾ ਭਰਾ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗਿਆ ਤੇ ਆਖਰ ਮੌਤ ਨੂੰ ਗਲ ਲਾ ਲਿਆ।

Posted By: Seema Anand