ਨਿਰਮਲ ਿਝੰਜਰ, ਭਦੌੜ

ਕਿਸੇ ਸਮੇਂ ਪੰਜ ਦਰਿਆਵਾਂ ਦੀ ਧਰਤੀ ਨਾਲ ਜਾਣਿਆ ਜਾਂਦਾ ਪੰਜਾਬ ਅਜੋਕੇ ਦੌਰ 'ਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਕਾਰਨ ਪੂਰੇ ਹਿੰਦੋਸਤਾਨ ਨਹੀਂ ਬਲਕਿ ਪੂਰੀ ਦੁਨੀਆਂ 'ਚ ਮਸ਼ਹੂਰ ਹੋ ਗਿਆ ਹੈ। ਸੂਬੇ 'ਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਕਾਰਨ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਤਬਾਹੀ ਦੇ ਕੰਢੇ 'ਤੇ ਖੜ੍ਹੀ ਹੈ। ਜਿਸ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣਾ ਸਮੇਂ ਦੀ ਲੋੜ ਹੈ। ਇਸ ਬਾਰੇ ਭਦੌੜ ਸ਼ਹਿਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ। ਜਿਸ ਦੇ ਪੇਸ਼ ਹੈ ਵਿਚਾਰ।

ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ ਨੇ ਕਿਹਾ ਕਿ ਨਸ਼ਿਆਂ ਦੇ ਛੇਵੇਂ ਦਰਿਆ 'ਚ ਫਸੇ ਨੌਜਵਾਨ ਪੀੜ੍ਹੀ ਨੂੰ ਇਸ ਦਲਦਲ 'ਚੋਂ ਬਾਹਰ ਕੱਢਣ ਲਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਅੱਗੇ ਆ ਕੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਆਪਣੀ ਇਸ ਜ਼ਿੰਦਗੀ ਨੂੰ ਸਹੀ ਰਸਤੇ ਪਾ ਸਕਣ।

ਨਗਰ ਕੌਂਸਲ ਭਦੌੜ ਦੇ ਮੀਤ ਪ੍ਰਧਾਨ ਅਸ਼ੋਕ ਪਹਿਲਵਾਨ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਵੀ ਸਜ਼ਾ ਭੁਗਤਣੀ ਪੈਂਦੀ ਹੈ ਕਿਉਂਕਿ ਨਸ਼ੇ ਕਰਨ ਵਾਲਾ ਵਿਅਕਤੀ ਸਰੀਰਕ ਤੌਰ 'ਤੇ ਅਪਾਹਜ ਹੋ ਕੇ ਭਿਆਨਕ ਬੀਮਾਰੀਆਂ ਦੀ ਪਕੜ 'ਚ ਚਲਾ ਜਾਂਦਾ ਹੈ।

ਨਗਰ ਕੌਂਸਲ ਭਦੌੜ ਦੇ ਕੌਂਸਲਰ ਲਾਭ ਸਿੰਘ ਨੇ ਕਿਹਾ ਕਿ ਸਾਰੀ ਦੁਨੀਆਂ 'ਚ ਆਪਣੀ ਤਾਕਤ ਦਾ ਲੋਹਾ ਮਨਵਾਉਣ ਵਾਲੀ ਪੰਜਾਬ ਦੀ ਨੌਜਵਾਨ ਪੀੜ੍ਹੀ ਅੱਜ ਨਸ਼ਿਆਂ ਦੀ ਦਲਦਲ 'ਚ ਧੱਸਦੀ ਜਾ ਰਹੀ ਹੈ। ਜਿਸ ਕਾਰਨ ਨੌਜਵਾਨ ਪੀੜ੍ਹੀ ਇਕ ਸਹਾਰੇ ਦੀ ਮੁਹਤਾਜ ਹੋਈ ਪਈ ਹੈ।

ਨਗਰ ਕੌਂਸਲ ਭਦੌੜ ਦੇ ਕੌਂਸਲਰ ਵਕੀਲ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਦੇਸ਼ ਦੀ ਤਰੱਕੀ ਤੇ ਖੇਡਾਂ 'ਚ ਆਪਣਾ ਯੋਗਦਾਨ ਦੇ ਕੇ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ।

ਨਗਰ ਕੌਂਸਲ ਭਦੌੜ ਦੇ ਕੌਂਸਲਰ ਗੁਰਪਾਲ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ੀਲੇ ਨਸ਼ਿਆਂ 'ਚ ਪੂਰੀ ਤਰਾਂ੍ਹ ਬਰਬਾਦ ਹੋ ਗਈ ਹੈ ਤੇ ਨਸ਼ੇ ਨੌਜਵਾਨਾਂ ਨੂੰ ਸਰੀਰਕ ਪੱਖੋਂ ਹੀ ਕਮਜ਼ੋਰ ਨਹੀਂ ਕਰਦੇ ਬਲਕਿ ਆਰਥਿਕ ਤੌਰ 'ਤੇ ਵੀ ਬਰਬਾਦ ਕਰ ਦਿੰਦੇ ਹਨ।