ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਜਿਉਂ ਹੀ ਕਾਂਗਰਸ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗਿੱਦਡ਼ਬਾਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਜ਼ਿਮਨੀ ਸੰਗਰੂਰ ਤੇ ਟਿੱਪਣੀ ਕੀਤੀ ਤਿਉਂ ਹੀ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਜੋਸ਼ ਅੰਦਾਜ਼ 'ਚ ਬੋਲੇ ਕਿ ਅਸੀਂ ਤਾਂ ਸਿਰਫ਼ ਹਾਰੇ ਹਾਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਪਰ ਕਾਂਗਰਸ ਦਾ ਤਾਂ ਉੱਥੇ ਜਲੂਸ ਨਿਕਲਿਆ ਹੈ। ਮੀਤ ਹੇਅਰ ਨੇ ਸਪੀਕਰ ਸਾਹਿਬ ਨੂੰ ਦੱਸਿਆ ਕਿ ਇਹ ਪੰਜਾਬ ਵਿੱਚ ਸ਼ਾਇਦ ਪਹਿਲੀ ਜ਼ਿਮਨੀ ਚੋਣ ਹੈ, ਜਿਸ ਵਿਚ ਨਾ ਤਾਂ ਇੱਕ ਰੁਪਏ ਦੀ ਦਾਰੂ ਵੰਡੀ ਗਈ ਹੈ ਅਤੇ ਨਾ ਹੀ ਕੋਈ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ ਤੇ ਚੋਣਾਂ ਦੇ ਆਖ਼ਰੀ ਦਿਨ ਕਿਸੇ ਵੀ ਵਿਧਾਇਕ ਜਾਂ ਸਰਕਾਰੀ ਅਫ਼ਸਰਾਂ ਨੂੰ ਪਿੰਡਾਂ ਵਿੱਚ ਤਾਇਨਾਤ ਨਹੀਂ ਕੀਤਾ ਗਿਆ ਕਿ ਉਹ ਲੋਕਾਂ ਨੂੰ ਭਰਮਾ ਕੇ ਜਾਂ ਡਰਾ ਕੇ ਵੋਟ ਵਸੂਲੇ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਾਵੇਂ ਇਹ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਗਈ ਹੈ ਪਰ ਰਵਾਇਤੀ ਤਿੰਨੇ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਣੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਹਾਰੀ ਹੈ, ਪਰ ਕਾਂਗਰਸੀਆਂ ਦਾ ਤਾਂ ਸੰਗਰੂਰ ਹਲਕੇ ਦੇ ਲੋਕਾਂ ਨੇ ਜਲੂਸ ਕੱਢ ਕੇ ਰੱਖ ਦਿੱਤਾ ਹੈ। ਇਸ ਚੱਲ ਰਹੀ ਡਿਬੇਟ ਵਿੱਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੀਕਰ ਸਾਹਿਬ ਨੂੰ ਬੜੇ ਹੀ ਸਹਿਜ ਸੁਭਾਅ ਕਿਹਾ ਕਿ ਜੇ ਤੁਸੀਂ ਸਾਨੂੰ ਨਹੀਂ ਬੋਲਣ ਦੇ ਰਹੇ ਤਾਂ ਫਿਰ ਤੁਹਾਡੀ ਮਰਜ਼ੀ ਹੈ..ਪਰ ਮੀਤ ਹੇਅਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਗਈ ਕੀ ਅਸੀਂ ਤਾਂ ਹਾਰੇ ਹਾਂ ਕਾਂਗਰਸ ਦਾ ਤਾਂ ਜਲੂਸ ਨਿਕਲਿਆ ਹੈ।

Posted By: Seema Anand