ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਨਾਗਰਿਕਤਾ ਸੁਧਾਰ ਬਿੱਲ ਪਾਸ ਕੀਤਾ ਗਿਆ ਹੈ। ਉਸ ਵਿਚ ਨਾਗਰਿਕਤਾ ਦੇਣ ਦੀ ਗੱਲ ਕਹੀ ਗਈ ਹੈ ਨਾ ਕਿ ਨਾ ਨਾਗਰਿਕਤਾ ਖੋਹਣ ਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਮਹਾਮੰਤਰੀ ਤੇ ਦੋਆਬੇ ਦੇ ਇੰਚਾਰਜ ਦਿਆਲ ਸਿੰਘ ਸੋਢੀ ਨੇ ਬਰਨਾਲਾ ਦੇ ਰੈਸਟਹਾਊਸ ਵਿਖੇ ਸਾਂਝਾ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵੇਲੇ ਖ਼ੁਦ ਕਾਂਗਰਸ ਦੇ ਨੁਮਾਇੰਦਿਆਂ ਨੇ ਪਾਕਿਸਤਾਨ, ਅਫ਼ਗਾਨਿਸਤਾਨ ਤੇ ਬੰਗਲਾਦੇਸ਼ 'ਚ ਤਸ਼ੱਦਦ ਝੱਲ ਰਹੇ ਲੋਕਾਂ ਨੂੰ ਹਿੰਦੁਸਤਾਨ 'ਚ ਆ ਕੇ ਵੱਸਣ ਦਾ ਹੋਕਾ ਦਿੱਤਾ ਸੀ। ਹੁਣ ਕਾਂਗਰਸ ਇਸ ਬਿੱਲ ਖਿਲਾਫ਼ ਕੂੜ ਪ੍ਰਚਾਰ ਕਰ ਰਹੀ ਹੈ। ਇਹ ਬਿੱਲ ਦੇਸ਼ ਦੀ ਵੰਡ ਹਿੱਤ 'ਚ ਨਹੀਂ ਹੈ ਬਲਕਿ ਵਿਕਾਸ ਹਿੱਤ 'ਚ ਹੈ।

ਉਨ੍ਹਾਂ ਕਿਹਾ ਕਿ ਇਸ ਬਿੱਲ 'ਤੇ ਲੋਕ ਸਭਾ 'ਚ ਦੋ ਘੰਟੇ ਦਾ ਸਮਾਂ ਚਰਚਾ ਲਈ ਰੱਖਿਆ ਗਿਆ ਸੀ ਪਰ ਇਸ 'ਤੇ ਚਰਚਾ 9 ਘੰਟੇ ਹੋਈ ਹੈ। ਰਾਜ ਸਭਾ 'ਚ ਇਸ ਬਿੱਲ 'ਤੇ ਚਰਚਾ ਦਾ ਸਮਾਂ 3 ਘੰਟੇ ਰੱਖਿਆ ਗਿਆ ਸੀ ਪਰ ਇਸ ਬਿੱਲ ਤੇ ਚਰਚਾ 11 ਘੰਟੇ ਹੋਈ ਹੈ। ਪੂਰਾ ਵਿਸ਼ਲੇਸ਼ਨ ਹੋਇਆ ਹੈ। ਇਹ ਬਿੱਲ ਲੋਕ ਸਭਾ ਵਿੱਚ ਪਾਸ ਹੋ ਗਿਆ ਸੀ ਰਾਜ ਸਭਾ ਵਿੱਚ ਪਾਸ ਨਾ ਹੋਣ ਤੇ ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜਿਆ ਗਿਆ ਜਿਸ ਨੇ ਸਾਰੇ ਦੇਸ਼ ਦਾ ਦੌਰਾ ਕੀਤਾ ਤੇ ਫਿਰ ਬਿੱਲ ਪਾਸ ਹੋਇਆ। ਉਨ੍ਹਾਂ ਕਿਹਾ ਕਿ ਹਰ ਧਰਮ ਨੂੰ ਭਾਰਤ 'ਚ ਨਾਗਰਿਕਤਾ ਮਿਲ ਰਹੀ ਹੈ। 27 ਹਜ਼ਾਰ ਹੋਰ ਦੇਸ਼ਾਂ ਚੋਂ ਸਿੱਖ ਭਰਾ ਹਿੰਦੋਸਤਾਨ ਆਏ ਹਨ ਜਿਨ੍ਹਾਂ ਨੂੰ ਭਾਜਪਾ ਨਾਗਰਿਕਤਾ ਦੇ ਰਹੀ ਹੈ ਤੇ ਕਾਂਗਰਸ ਉਨ੍ਹਾਂ ਦਾ ਵਿਰੋਧ ਕਰ ਰਹੀ ਹੈ। ਕਾਂਗਰਸ ਕੋਲ ਕੋਈ ਵੀ ਨੀਤੀ ਨਹੀਂ ਹੈ ਇਸ ਲਈ ਉਹ ਸੀਏਏ ਬਿੱਲ 'ਤੇ ਰਾਜਨੀਤੀ ਕਰ ਰਹੀ ਹੈ।

ਇਸ ਮੌਕੇ ਉਨ੍ਹਾਂ ਨਾਲ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਰਚਨਾ ਦੱਤ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਬਾਵਾ ਹੰਡਿਆਇਆ, ਸਟੇਟ ਕਮੇਟੀ ਮੈਂਬਰ ਦਰਸ਼ਨ ਸਿੰਘ ਨੈਣੇਵਾਲੀਆਂ, ਸੋਹਣ ਲਾਲ ਮਿੱਤਲ, ਦੀਪਕ ਮਿੱਤਲ, ਰਾਜਿੰਦਰ ਉਪਲ, ਪ੍ਰੇਮ ਪ੍ਰੀਤਮ ਜਿੰਦਲ, ਕੌਸਲਰ ਰਘਵੀਰ ਪ੍ਰਕਾਸ਼ ਆਦਿ ਭਾਜਪਾ ਆਗੂ ਤੇ ਮੈਂਬਰ ਹਾਜ਼ਰ ਸਨ ।

Posted By: Seema Anand