ਰਚਨਾ ਜੌੜਾ, ਬਰਨਾਲਾ

ਸਿੱਖਿਆ ਵਿਭਾਗ ਦੁਆਰਾ ਵਿਦੇਸ਼ ਜਾਣ ਵਾਲੇ ਅਧਿਆਪਕਾਂ ਵੱਲੋਂ ਲਈ ਜਾਣ ਵਾਲੀ ਵਿਦੇਸ਼ੀ ਛੁੱਟੀ ਨੂੰ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੇ ਸਮੇਂ ਦੌਰਾਨ ਲੈਣ ਦੀਆਂ ਹਦਾਇਤਾਂ ਦੀ ਨਿਖੇਧੀ ਕਰਦਿਆਂ ਡੈਮੋਕੇ੍ਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ, ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਕੁਮਾਰ ਤੇ ਜ਼ਿਲ੍ਹਾ ਵਿੱਤ ਸਕੱਤਰ ਬਲਜਿੰਦਰ ਪ੍ਰਭੂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋੋਂ ਇਹ ਨਾਦਰਸ਼ਾਹੀ ਫ਼ੈਸਲਾ ਕੀਤਾ ਗਿਆ ਹੈ ਜਿਸ 'ਚ ਵਿਭਾਗ ਨੇ ਪ੍ਰਵਾਸ ਦੀਆਂ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕੀਤਾ ਹੈ। ਉਨਾਂ੍ਹ ਦੱਸਿਆ ਕਿ ਪੰਜਾਬ 'ਚੋਂ ਵੱਡੀ ਗਿਣਤੀ 'ਚ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਹਨ, ਵਿਦੇਸ਼ ਰਹਿ ਰਹੇ ਬੱਚਿਆਂ ਨੂੰ ਸੁਖ-ਦੁੱਖ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਵੇਖ ਹੀ ਆਵੇ, ਇਹ ਸੰਭਵ ਨਹੀਂ। ਉਨਾਂ੍ਹ ਦੱਸਿਆ ਕਿ ਜੇਕਰ ਕੋਈ ਅਧਿਆਪਕ ਆਪਣੇ ਵਿਦੇਸ਼ ਰਹਿੰਦੇ ਬੱਚਿਆਂ/ਰਿਸ਼ਤੇਦਾਰਾਂ ਕੋਲ ਛੁੱਟੀਆਂ ਤੋਂ ਅੱਗੇ ਪਿੱਛੇ ਜਾਂਦਾ ਹੈ ਤਾਂ ਉਹ ਇਸ ਬਦਲੇ ਬਕਾਇਦਾ ਛੁੱਟੀ ਲੈ ਕੇ ਆਪਣਾ ਆਰਥਿਕ ਨੁਕਸਾਨ ਸਹਿ ਕੇ ਜਾਂਦਾ ਹੈ, ਇਸਤੇ ਵਿਭਾਗ ਦਾ ਇਤਰਾਜ਼ ਕਰਨਾ ਬਿਲਕੁਲ ਗਲਤ ਹੈ। ਡੈਮੋਕੇ੍ਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਕਮੇਟੀ ਮੈਂਬਰਾਂ ਗੁਰਮੇਲ ਭੁਟਾਲ, ਸੁਖਦੀਪ ਤਪਾ ਤੇ ਨਿਰਮਲ ਚੁਹਾਣਕੇ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਦੇਸ਼ ਛੁੱਟੀ ਸਬੰਧੀ ਲਾਈਆਂ ਇਹ ਪਾਬੰਦੀਆਂ ਸਿਵਲ ਸੇਵਾ ਨਿਯਮਾਂ ਦੇ ਉਲਟ, ਗੈਰ ਸੰਵਿਧਾਨਕ ਤੇ ਪੱਖਪਾਤੀ ਹਨ ਤੇ ਇਸ ਤਰਾਂ੍ਹ ਦੇ ਆਪਹੁਦਰੇ ਫ਼ੈਸਲੇ ਸਿਰਫ਼ ਸਿੱਖਿਆ ਵਿਭਾਗ ਵੱਲੋੋਂ ਹੀ ਕੀਤੇ ਜਾ ਰਹੇ ਹਨ। ਪਹਿਲਾਂ ਹੀ ਵਿਭਾਗ ਵੱਲੋੋਂ ਅਧਿਆਪਕਾਂ ਦੀਆਂ ਛੁੱਟੀਆਂ'ਤੇ ਨਜਾਇਜ਼ ਕਿਸਮ ਦੀਆਂ ਰੋਕਾਂ ਲਾ ਕੇ ਛੁੱਟੀ ਪ੍ਰਵਾਨਗੀ ਦੇ ਅਧਿਕਾਰਾਂ ਦਾ ਕੇਂਦਰੀਕਰਨ ਡਾਇਰੈਕਟਰ ਦਫ਼ਤਰ 'ਚ ਕਰ ਦਿੱਤਾ ਗਿਆ ਹੈ। ਉਨਾਂ੍ਹ ਇਸ ਸਬੰਧੀ ਬੱਚਾ ਸੰਭਾਲ ਛੁੱਟੀ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ 'ਚ ਇਸ ਛੁੱਟੀ ਦਾ ਲਾਭ ਲੈਣ 'ਚ ਵੀ ਵਿਭਾਗ ਵੱਲੋਂ ਨਜਾਇਜ਼ ਅੜਚਣਾਂ ਡਾਹੀਆਂ ਗਈਆਂ ਹਨ, ਜਿਸ ਕਾਰਨ ਅਸਲੀ ਹੱਕਦਾਰ ਛੁੱਟੀ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ। ਉਨਾਂ੍ਹ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਵਿਭਾਗ ਵੱਲੋਂ ਸਿਵਲ ਸੇਵਾਵਾਂ ਨਿਯਮਾਵਲੀ ਦੇ ਉਲਟ ਕੀਤੇ ਗਏ ਇਸ ਫ਼ੈਸਲੇ ਨੂੰ ਰੱਦ ਕੀਤਾ ਜਾਵੇ ਤੇ ਛੁੱਟੀਆਂ ਦੇ ਅਧਿਕਾਰ ਪਹਿਲਾਂ ਵਾਂਗ ਡੀ.ਡੀ.ਓ. ਪੱਧਰ 'ਤੇ ਦਿੱਤੇ ਜਾਣ ਤਾਂ ਜੋ ਸਹੀ ਹੱਕਦਾਰ ਨੂੰ ਸਹੀ ਸਮੇਂ ਛੁੱਟੀ ਮਿਲ ਸਕੇ।