ਸੁਰਿੰਦਰ ਗੋਇਲ, ਸ਼ਹਿਣਾ : ਐਤਵਾਰ ਦੇਰ ਸ਼ਾਮ ਨੂੰ ਪੱਖੋ ਕੈਚੀਆਂ ਵਿਖੇ ਪਿੰਡ ਭਗਤਪੁਰਾ ਮੌੜ ਦੇ ਗੁਰਮੇਲ ਸਿੰਘ ਪੁੱਤਰ ਬਲਵੀਰ ਸਿੰਘ ਦੀ ਇਕ ਗਲੀ 'ਚ ਬੇ-ਅਬਾਦ ਅਧੂਰੇ ਪਏ ਘਰ 'ਚ ਮਿੱਟੀ ਤੇ ਘਾਹ ਫੂਸ ਨਾਲ ਦੱਬੀ ਲਾਸ਼ ਮਿਲਣ ਤੋਂ ਬਾਅਦ ਦਰਜ ਕਤਲ ਦੇ ਮਾਮਲੇ ਦੀ ਜਾਂਚ ਪੜਤਾਲ ਸੋਮਵਾਰ ਬਾਅਦ ਦੁਪਿਹਰ ਜ਼ਿਲਾ ਪੁਲਿਸ ਅਧਿਕਾਰੀਆਂ ਦੀ ਟੀਮ ਵਲੋਂ ਸਨਅਤੀ ਕਸਬਾ ਪੱਖੋ ਕੈਚੀਆਂ ਵਿਖੇ ਪਹੁੰਚ ਕੇ ਕੀਤੀ ਗਈ।ਜਾਂਚ ਟੀਮ ਨੇ ਪੱਖੋ ਕੈਚੀਆਂ ਵਿਖੇ ਦੁਕਾਨਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ਼ ਨੂੰ ਖੰਘਾਲਿਆ। ਇਸ ਉਪਰੰਤ ਉਨ•ਾਂ ਆਸਪਾਸ ਦੇ ਦੁਕਾਨਦਾਰਾਂ, ਪਿੰਡ ਵਾਸੀਆਂ ਤੋਂ ਇਲਾਵਾ ਜੋ ਵਿਅਕਤੀਆਂ ਨੂੰ ਪਹਿਲਾ ਪਤਾ ਲੱਗਿਆ ਉਨ•ਾਂ ਤੋਂ ਪੁੱਛਗਿੱਛ ਕਰਕੇ ਜਾਣਕਾਰੀ ਹਾਸਿਲ ਕੀਤੀ। ਟੀਮ ਦੇ ਐਸਪੀ (ਡੀ) ਬਰਨਾਲਾ ਸੁਖਦੇਵ ਸਿੰਘ ਵਿਰਕ ਨੇ ਕਿਹਾ ਕਿ ਮ੍ਰਿਤਕ ਗੁਰਮੇਲ ਸਿੰਘ 15 ਨਵੰਬਰ ਨੂੰ ਸਵੇਰੇ ਆਪਣੇ ਘਰੋ ਤਪਾ ਵਿਖੇ ਆਪਣੇ ਆੜਤੀਏ ਕੋਲ ਪੈਸੇ ਲੈਣ ਲਈ ਕਰੀਬ 9-10 ਵਜੇ ਪਹੁੰਚਿਆ ਸੀ। ਗੁਰਮੇਲ ਸਿੰਘ ਦੁਪਿਹਰ ਕਰੀਬ 2 ਵਜੇ 8 ਹਜ਼ਾਰ ਰੁਪਏ ਲੈ ਕੇ ਚਲਾ ਗਿਆ ਪਰ ਸ਼ਾਮ ਨੂੰ ਘਰ ਨਾ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਵਲੋਂ ਭਾਲ ਕੀਤੀ ਜਾ ਰਹੀ ਸੀ ਅਤੇ ਦੋ ਦਿਨ ਬਾਅਦ ਕੱਲ ਐਤਵਾਰ ਦੇਰ ਸ਼ਾਮ ਲਾਸ਼ ਬਰਾਮਦ ਹੋ ਗਈ।

ਥਾਣਾ ਸ਼ਹਿਣਾ ਦੇ ਐਸਐਚਓ ਇਕਬਾਲ ਸਿੰਘ ਗਿੱਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵੱਲੋਂ ਮ੍ਰਿਤਕ ਗੁਰਮੇਲ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰਨ ਕਰਕੇ ਲਾਸ਼ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ ਹੈ, ਜਿੱਥੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪੀ ਜਾਵੇਗੀ।

ਇਸ ਮਾਮਲੇ ਸਬੰਧੀ ਜ਼ਿਲਾ ਪੁਲਿਸ ਮੁੱਖੀ ਹਰਜੀਤ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਦੇ ਕਤਲ ਕੇਸ ਦੀ ਜਾਂਚ ਲਈ ਜ਼ਿਲਾ ਪੁਲਿਸ ਅਧਿਕਾਰੀਆਂ ਦੀ ਟੀਮ ਗਠਿਤ ਕੀਤੀ ਜਾ ਚੁੱਕੀ ਹੈ, ਜੋ ਬਾਰੀਕੀ ਨਾਲ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰ ਰਹੇ ਹਨ। ਉਨ•ਾਂ ਦੱਸਿਆ ਕਿ ਮ੍ਰਿਤਕ ਦੇ ਕਾਤਲ ਜਲਦ ਹੀ ਪੁਲਿਸ ਦੀ ਗ੍ਰਿਫਤ 'ਚ ਹੋਣਗੇ।

Posted By: Tejinder Thind