ਸਰਕਾਰ ਤੋਂ ਹਰੇਕ ਡਿਪੂ 'ਤੇ ਮਸ਼ੀਨ ਫਿੱਟ ਕਰਨ ਦੀ ਕੀਤੀ ਮੰਗ

ਸਟਾਫ ਰਿਪੋਰਟਰ, ਬਰਨਾਲਾ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਭੇਜੀ ਗਈ 6 ਮਹੀਨੇ ਲਈ ਮੁਫਤ ਕਣਕ ਲੈਣ ਲਈ ਲੋਕ ਦਰ ਦਰ ਭਟਕ ਰਹੇ ਹਨ ਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਪੰਜਾਬ 'ਚ ਤਕਰੀਬਨ 18 ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਹਨ ਤੇ ਰਾਸ਼ਨ ਵੰਡਣ ਲਈ ਸਿਰਫ਼ 1800 ਦੇ ਕਰੀਬ ਮਸ਼ੀਨਾਂ ਹਨ, ਜਿਸ ਨਾਲ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਮਸ਼ੀਨ ਨਾਲ 100 ਡਿਪੂ ਦੀ ਕਣਕ ਵੰਡਣੀ ਹੁੰਦੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਡਿਪੂ ਹੋਲਡਰ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਆਲ ਇੰਡੀਆ ਫੇਅਰ ਪ੍ਰਰਾਈਜ਼ ਸ਼ਾਪ ਫੈੱਡਰੇਸ਼ਨ ਦੇ ਵਾਈਸ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਕੋ ਸਮੇਂ ਸਿਰਫ਼ 1800 ਡਿਪੂਆਂ 'ਤੇ ਕਣਕ ਵੰਡੀ ਜਾ ਸਕਦੀ ਹੈ ਤੇ ਹੁਣ ਸਾਰੇ ਕਾਰਡ ਆਨਲਾਈਨ ਹਨ। ਇਸ ਲਈ ਕੋਈ ਵੀ ਉਪਭੋਗਤਾ ਕਿਸੇ ਵੀ ਡਿਪੂ ਤੋਂ ਕਣਕ ਲੈ ਸਕਦਾ ਹੈ, ਜਿਸ ਕਿਸੇ ਵੀ ਡਿਪੂ 'ਤੇ ਕਣਕ ਆ ਜਾਂਦੀ ਹੈ, ਲੋਕ ਹਜ਼ਾਰਾਂ ਦੀ ਗਿਣਤੀ 'ਚ ਲਾਈਨਾਂ ਲਗਾ ਕੇ ਕਣਕ ਲੈਣ ਦਾ ਇੰਤਜ਼ਾਰ ਕਰਨ ਲੱਗ ਪੈਂਦੇ ਹਨ ਤੇ ਡਿਪੂ ਹੋਲਡਰ ਵੀ ਬਹੁਤ ਹੀ ਨਿਰਾਸ਼ਾ ਦੀ ਹਾਲਤ 'ਚੋਂ ਗੁਜ਼ਰ ਰਿਹਾ ਹੈ। ਡਿਪੂ ਹੋਲਡਰਾ ਦੇ ਘਰਾਂ 'ਚ ਮਹੀਨਾਂ ਮਹੀਨਾਂ ਪਹਿਲਾ ਲੋਕ ਕੁੰਡੇ ਖੜਕਾਉਂਦੇ ਰਹਿੰਦੇ ਹਨ ਕਿ ਕਣਕ ਕਦੋਂ ਆਵੇਗੀ। ਉਨ੍ਹਾਂ ਦੱਸਿਆ ਕਿ ਉਹ ਫੂਡ ਸਪਲਾਈ ਮੰਤਰੀ ਨੂੰ ਕਈ ਵਾਰ ਮੈਮੋਰੰਡਮ ਦੇ ਚੁੱਕੇ ਹਨ ਕਿ ਮਸ਼ੀਨਾਂ ਡੀਪੂ ਹੋਲਡਰ ਖ਼ੁਦ ਖ਼ਰੀਦ ਲੈਣਗੇ ਤੇ ਉਸ ਦੇ ਬਦਲੇ ਉਨਾਂ੍ਹ ਦੇ ਕਮਿਸ਼ਨ 'ਚ 17 ਰੁਪਏ ਇਜ਼ਾਫਾ ਹੋ ਜਾਵੇਗਾ। ਪਤਾ ਨਹੀਂ ਸਰਕਾਰ ਕਿਉਂ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਸਾਡੀ ਜਾਇਜ ਗੱਲ ਵੀ ਮੰਨਣ ਨੂੰ ਤਿਆਰ ਨਹੀਂ, ਜਿੱਥੇ ਉਪਭੋਗਤਾ ਦਰ ਦਰ ਧੱਕੇ ਖਾ ਰਿਹਾ ਹੈ। ਇਕ ਡੀਪੂ ਤੋਂ ਦੂਸਰੇ ਡੀਪੂ ਦੂਸਰੇ, ਡਿਪੂ ਤੋਂ ਤੀਸਰੇ ਡੀਪੂ ਉਸੇ ਤਰ੍ਹਾਂ ਡੀਪੂ ਹੋਲਡਰ ਵੀ ਪਰੇਸ਼ਾਨ ਹੋ ਰਿਹਾ ਹੈ। ਉਨਾਂ੍ਹ ਮਾਨ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਖ਼ਪਤਕਾਰਾਂ ਦੀ ਬੇਚੈਨੀ ਨੂੰ ਖਤਮ ਕੀਤਾ ਜਾਵੇ ਤੇ ਡਿਪੂ ਹੋਲਡਰਾਂ ਦੀ ਬੇਚੈਨੀ ਨੂੰ ਵੀ ਖ਼ਤਮ ਕੀਤਾ ਜਾਵੇ ਤੇ ਹਰ ਇੱਕ ਡਿਪੂ 'ਤੇ ਮਸ਼ੀਨ ਫਿੱਟ ਕੀਤੀ ਜਾਵੇ ਤੇ ਇਕੋ ਸਮੇਂ ਹੀ ਕਣਕ ਸਾਰੇ ਡਿਪੂਆਂ ਤੋਂ ਭੇਜੀ ਜਾਵੇ ਤਾਂ ਕਿ ਨੇੜੇ ਨੇੜਲੇ ਘਰਾਂ ਦੇ ਲੋਕ ਆਪਣੇ ਨਜ਼ਦੀਕ ਵਾਲੇ ਡਿਪੂ ਤੋਂ ਕਣਕ ਲੈ ਸਕਣ। ਇਸ ਮੌਕੇ ਉਨਾਂ੍ਹ ਨਾਲ ਬ੍ਹਮਦਾਸ, ਕਰਮਜੀਤ ਸਿੰਘ, ਲਖਵਿੰਦਰ ਸਿੰਘ ਲਾਲੀ, ਸਰਪੰਚ ਬਲੌਰ ਸਿੰਘ, ਨਛੱਤਰ ਸਿੰਘ ਫੌਜੀ ਤੇ ਡੀਪੂ ਹੋਲਡਰ ਤੇ ਬਹੁਤ ਸਾਰੇ ਉਪਭੋਗਤਾ ਹਾਜ਼ਰ ਸਨ।