ਹੇਮੰਤ ਰਾਜੂ, ਭਦੌੜ ਬਰਨਾਲਾ : ਭਾਈ ਹਰਜਿੰਦਰ ਸਿੰਘ ਮਾਝੀ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਛੇਵੀ ਪਾਤਸ਼ਾਹੀ ਗੁਰਦੁਆਰਾ ਵਿਸਾਖੀ ਵਾਲਾ ਭਦੌੜ ਵਿਖੇ ਦੀਵਾਨ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ ਜਿੱਥੇ 52 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਅਤੇ ਦੀਵਾਨ ਸਜਾਏ ਗਏ। ਇਸ ਸਮਾਗਮ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨੀ ਸੀ ਪਰ ਜਿਉਂ ਹੀ ਇਹ ਖ਼ਬਰ ਮਿਲੀ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤਾਂ ਸਮਾਗਮ ਵਿੱਚ ਬੈਠੇ ਅੰਮ੍ਰਿਤਪਾਲ ਸਿੰਘ ਦੇ ਕੁਝ ਸਮਰਥਕ ਉਥੋਂ ਚਲੇ ਗਏ।

ਰੋਸ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਭਦੌੜ ਵਿੱਚ ਮੀਰੀ ਪੀਰੀ ਖ਼ਾਲਸਾ ਕਾਲਜ ਦੇ ਸਾਹਮਣੇ ਇਨ੍ਹਾਂ ਸਮਰਥਕਾਂ ਨੇ ਸੜਕ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਰੀਬ ਤਿੰਨ ਘੰਟੇ ਬਾਅਦ ਇਹ ਅਰਥੀ ਫੂਕ ਧਰਨਾ ਸਮਾਪਤ ਹੋਇਆ। ਇਸ ਸਬੰਧੀ ਡੀਐੱਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਧਰਨਾਕਾਰੀਆਂ ਨੇ ਧਰਨਾ ਦਿੱਤਾ ਸੀ ਪਰ ਉਨ੍ਹਾਂ ਨੂੰ ਮਨਾ ਕੇ ਧਰਨਾ ਸਮਾਪਤ ਕਰ ਦਿੱਤਾ ਕਿਉਂਕਿ ਜ਼ਿਲ੍ਹੇ ਵਿੱਚ ਪਹਿਲਾਂ ਹੀ ਧਾਰਾ 144 ਲਾਗੂ ਹੈ।

ਨਿਹੰਗਾਂ ਨੇ ਜਾਮ ਲਾਇਆ

ਜਾਸ, ਅਨੰਦਪੁਰ ਸਾਹਿਬ : ਖ਼ਾਲਸਾਈ ਫ਼ੌਜ ਨੇ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਅਨੰਦਪੁਰ ਸਾਹਿਬ ਨੰਗਲ ਮੁੱਖ ਮਾਰਗ ’ਤੇ ਸੜਕ ਜਾਮ ਕਰ ਦਿੱਤੀ। ਕਰੀਬ ਤੀਹ ਮਿੰਟ ਤੱਕ ਵਾਹਨਾਂ ਨੂੰ ਰੋਕ ਕੇ ਸੜਕ ਜਾਮ ਕੀਤੀ ਗਈ।

ਖ਼ਾਲਸਾਈ ਬਾਣੇ ’ਤੇ ਆਏ ਨਿਹੰਗ ਸਿੰਘਾਂ ਨੇ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਸੜਕ ’ਤੇ ਜਾਮ ਲਾਇਆ ਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਡੀਐੱਸਪੀ ਅਜੇ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਬੈਰੀਕੇਡ ਖੋਲ੍ਹ ਦਿੱਤੇ ਅਤੇ ਜਾਮ ਨੂੰ ਖੁੱਲ੍ਹਵਾ ਦਿੱਤਾ। ਨਿਹੰਗ ਸਿੰਘਾਂ ਨੇ ਡੀਐਸਪੀ ਅਜੈ ਸਿੰਘ ਦੀ ਗੱਲ 'ਤੇ ਸਹਿਮਤੀ ਪ੍ਰਗਟਾਈ ਤੇ ਆਵਾਜਾਈ ਬਹਾਲ ਕਰ ਦਿੱਤੀ।

Posted By: Jagjit Singh