ਪੱਤਰ ਪ੍ਰਰੇਰਕ, ਬਰਨਾਲਾ : ਪੰਜਾਬ ਸਰਕਾਰ ਵੱਲੋਂ ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਆਧਾਰ 'ਤੇ ਰਿਟਾਇਰਡ ਪਟਵਾਰੀਆਂ ਤੇ ਕਾਨੂੰਗੋਆਂ 'ਚੋਂ ਭਰਤੀ ਕਰਨ ਦੀਆਂ ਹਦਾਇਤਾਂ ਦੀ ਰੌਸ਼ਨੀ 'ਚ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ਨਈਅਰ ਨੇ ਦੱਸਿਆ ਕਿ ਪੰਜਾਬ ਦੇ ਮਾਲ ਤੇ ਪੁਨਰਵਾਸ ਵਿਭਾਗ ਵੱਲੋਂ ਜਾਰੀ ਪੱਤਰ 'ਚ ਦਰਜ ਹਦਾਇਤਾਂ ਦੀ ਰੌਸ਼ਨੀ 'ਚ ਠੇਕੇ ਦੇ ਆਧਾਰ 'ਤੇ ਪਟਵਾਰੀਆਂ ਦੀ ਭਰਤੀ 31 ਜੁਲਾਈ 2023 ਤਕ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਟਾਇਰਡ ਪਟਵਾਰੀ ਤੇ ਕਾਨੂੰਨਗੋ ਇਸ ਸਬੰਧੀ ਸਦਰ ਕਾਨੂੰਨਗੋ ਸ਼ਾਖਾ, ਕਮਰਾ ਨੰਬਰ 15, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ.ਸੀ.ਦਫਤਰ) ਬਰਨਾਲਾ ਵਿਖੇ ਬਿਨੈ ਪੱਤਰ ਮਿਤੀ 31 ਮਈ 2022 ਤਕ ਦੇ ਸਕਦੇ ਹਨ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਬਿਨੈਕਾਰ ਦੀ ਉਮਰ 64 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਠੇਕੇ ਦੇ ਆਧਾਰ 'ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾਂ (ਸਿਵਾਏ ਸਹਿਰੀ/ਅਰਧ ਸ਼ਹਿਰੀ) 'ਚ ਕੀਤੀ ਜਾਵੇਗੀ। ਠੇਕੇ ਦੇ ਆਧਾਰ 'ਤੇ ਭਰਤੀ ਪਟਵਾਰੀਆਂ ਨੂੰ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲ ਕਰਨ ਦਾ ਅਖਤਿਆਰ ਨਹੀਂ ਹੋਵੇਗਾ ਅਤੇ ਇਨ੍ਹਾਂ ਆਸਾਮੀਆਂ 'ਤੇ ਤਾਇਨਾਤ ਪਟਵਾਰੀ ਏ.ਐਸ.ਐਮ./ ਡੀ.ਐਸ.ਐਮ. ਰਾਹੀਂ ਕੰਮ ਕਰਨਗੇ।