ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਪਹਿਲੇ ਸਮੇਂ ’ਚ ਧਰਮ ਦੀ ਅੱਖ ਸਿਆਸਤ ’ਤੇ ਹੁੰਦੀ ਸੀ, ਧਰਮ ਦੀ ਅਗਵਾਈ ਕਰਨ ਵਾਲੇ ਜਥੇਦਾਰ ਸਿੱਖ ਸਿਆਸਤ ਦੀ ਅਗਵਾਈ ਕਰਦੇ ਸੀ। ਅਜੌਕੇ ਸਮੇਂ ’ਚ ਸਿਆਸਤ ਧਰਮ ’ਤੇ ਭਾਰੂ ਹੋ ਗਈ, ਧਰਮ ਦੀ ਅੱਖ ਸਿਆਸਤ ’ਤੇ ਹੋਣੀ ਚਾਹੀਦੀ ਹੈ ਨਾ ਕਿ ਸਿਆਸਤ ਦੀ ਅੱਖ ਧਰਮ ’ਤੇ।

ਇਨ੍ਹਾਂ ਸ਼ਬਦਾਂ ਨੂੰ ਸੇਵਾ ਸਿੰਘ ਠੀਕਰੀਵਾਲਾ ਦੀ 87ਵੀਂ ਬਰਸੀ ’ਤੇ ਸਜੀ ਸਭਾ ਦੇ ਮੰਚ ਤੋਂ ਕਿਸਾਨੀ ਅੰਦੋਲਨ ’ਚ ਨੌਜਵਾਨਾਂ ਦੇ ਹੀਰੋ ਫ਼ਿਲਮੀ ਅਦਾਕਾਰ ਦੀਪ ਸਿੱਧੂ ਨੇ ਮੰਚ ਤੋਂ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖੁਦ ਆਜ਼ਾਦ ਹੋ ਕੇ ਫੈਸਲੇ ਕਰਨ ਨਾਂ ਕਿ ਸਿਆਸਤਦਾਨਾਂ ਦੇ ਇਸ਼ਾਰੇ ’ਤੇ ਫੈਸਲੇ ਕਰਕੇ ਸ਼ੱਕ ਦੇ ਘੇਰੇ ’ਚ ਆਉਣ।

ਦਿੱਲੀ 26 ਨਵੰਬਰ ਤੋਂ ਚੱਲ ਰਹੇ ਕਿਸਾਨ ਅੰਦੋਲਨ ’ਚ ਡਟੇ ਹੋਏ ਦੀਪ ਸਿੱਧੂ ਨੇ ਕਿਹਾ ਕਿ ਦਿੱਲੀ ਵੀ ਅਸੀ 10 ਗੁਰੂਆਂ ਦੀ ਜਗਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਸ਼੍ਰੀ ਨਿਸ਼ਾਨ ਸਾਹਿਬ ਦੇ ਹੇਠਾਂ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਾਂ।

ਦੀਪ ਸਿੱਧੂ ਨੇ ਅਬਦਾਲੀ ਦੇ ਇਤਿਹਾਸ ਤੋਂ ਲੈ ਕੇ 84 ਦੇ ਇਤਿਹਾਸ ਦੀਆਂ ਪਰਤਾਂ ਵੀ ਹਾਜ਼ਰੀਨਾਂ ਦੇ ਨਾਲ ਸਾਂਝੀਆਂ ਕੀਤੀਆਂ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਸੰਤ ਗਲਤ ਨਹੀਂ ਸਨ ਕੇਂਦਰ ਦੀਆਂ ਸਰਕਾਰਾਂ ਹੀ ਗਲਤ ਸਨ।

ਕੇਂਦਰ ਸਰਕਾਰਾਂ ’ਤੇ ਵਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਕਦੇ ਵੀ ਬਣਦੇ ਹੱਕ ਨਹੀਂ ਦਿੱਤੇ ਸਗੋਂ ਪੰਜਾਬ ਨੂੰ ਖੁਦ ਇਕਮੰਚ ’ਤੇ ਇਕੱਠੇ ਹੋ ਕੇ ਲੜਨਾ ਹੀ ਨਹੀਂ ਚਾਹੀਦਾ ਸਗੋਂ ਆਪਣੇ ਹੱਥ ਮੁਖਤਿਆਰੀ ਲੈਣੀ ਚਾਹੀਦੀ ਹੈ।

ਇਸ ਮੌਕੇ ਬਰਸੀ ਸਮਾਗਮ ਦੇ ਮੁੱਖ ਪ੍ਰਬੰਧਕ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਭੁੱਲਰ, ਖ਼ਜ਼ਾਨਚੀ ਅਵਤਾਰ ਸਿੰਘ ਨੰਬਰਦਾਰ ਅਤੇ ਮੌਜੂਦਾ ਸਰਪੰਚ ਕਿਰਨਜੀਤ ਹੈਪੀ, ਯਸ ਭੁੱਲਰ ਵਲੋਂ ਫ਼ਿਲਮੀ ਅਦਾਕਾਰ ਦੀਪ ਸਿੱਧੂ ਦਾ ਵਿਸ਼ੇਸ ਸਨਮਾਨ ਕੀਤਾ ਗਿਆ।

Posted By: Jagjit Singh