ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹਾ ਪਟਿਆਲਾ 'ਚ 23 ਜੂਨ ਨੂੰ ਐਨਡੀਪੀਸੀ ਦੇ ਮਾਮਲੇ 'ਚ ਹਵਾਲਾਤੀ ਨੂੰ ਪਟਿਆਲਾ ਜੇਲ੍ਹ ਤੋਂ 27 ਜੂਨ ਨੂੰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਤਬਦੀਲ ਕੀਤਾ ਗਿਆ ਸੀ। ਹਵਾਲਾਤੀ ਦੀ 28 ਤੇ 29 ਜੂਨ ਨੂੰ ਹਾਲਤ ਖ਼ਰਾਬ ਹੋ ਗਈ, ਜਿਸ ਦੀ ਹਾਲਤ ਗੰਭੀਰ ਦੇਖਦਿਆਂ 3 ਜੁਲਾਈ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਦੇਰ ਰਾਤ 12 ਵਜੇ ਭੇਦਭਰੇ ਹਾਲਾਤਾਂ 'ਚ ਉਸ ਦੀ ਮੌਤ ਹੋ ਗਈ। ਮੌਤ ਦੀ ਸੂਚਨਾ ਮਿਲਣ 'ਤੇ ਮ੍ਰਿਤਕ ਦੇ ਪਰਿਵਾਰਕ ਸਿਵਲ ਹਸਪਤਾਲ 'ਚ ਪਹੁੰਚੇ। ਹਵਾਲਾਤੀ ਦੇ ਕੋਰੋਨਾ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਘਟਨਾ ਦੀ ਜਾਣਕਾਰੀ ਅਨਸਾਰ ਮ੍ਰਿਤਕ ਹਵਾਲਾਤੀ ਦੀ ਪਹਿਚਾਣ ਲਖਵਿੰਦਰ ਸਿੰਘ (26) ਪੁੱਤਰ ਬਲਦੇਵ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਜੋ ਕਿ ਨਸ਼ੇ ਦਾ ਆਦੀ ਸੀ ਤੇ ਨਸ਼ਾ ਵੇਚਦਾ ਸੀ।

ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਸੁਪਰਡੈਂਟ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਜ਼ਿਲ੍ਹਾ ਕੋਰਟ 'ਚ ਜੱਜ ਦੇ ਕੋਲ ਮਾਮਲੇ 'ਚ ਕਾਰਵਾਈ ਕਰਵਾ ਰਹੇ ਹਨ ਤੇ ਉਕਤ ਮਾਮਲੇ 'ਚ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਲੈ ਕੇ ਲਾਸ਼ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੂੰ 29 ਜੂਨ ਨੂੰ ਇਨਫੈਕਸ਼ਨ ਆਈ ਸੀ ਤੇ ਦਵਾਈ ਦਿੱਤੀ ਗਈ ਸੀ ਤੇ 1 ਜੁਲਾਈ ਨੂੰ ਵੀ ਦਵਾਈ ਦਿੱਤੀ ਗਈ ਸੀ। 2 ਜੁਲਾਈ ਨੂੰ ਹਵਾਲਾਤੀ ਆਪਣਾ ਆਪਾ ਖੋ ਬੈਠਿਆ ਤੇ ਦੂਸਰੇ ਹਵਾਲਾਤੀਆਂ ਨਾਲ ਵਿਵਾਦ ਕਰਨ ਲੱਗਿਆ, ਜਿਸ ਦੇ ਬਾਅਦ ਉਸ ਨੂੰ ਦਵਾਈ ਦੇ ਕੇ 3 ਜੁਲਾਈ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਸ ਦੀ ਦੇਰ ਰਾਤ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹਵਾਲਾਤੀ ਨਸ਼ੇ ਦਾ ਆਦੀ ਸੀ ਤੇ ਨਸ਼ਾ ਵੇਚਦਾ ਸੀ।

Posted By: Susheel Khanna