ਮਨਪ੍ਰੀਤ ਜਲਪੋਤ, ਤਪਾ ਮੰਡੀ: ਸਵੇਰੇ ਦਰਾਜ ਰੋਡ 'ਤੇ ਸਥਿਤ ਸ਼ਨੀ ਮੰਦਰ ਨੇੜੇ ਇਕ ਗ਼ਰੀਬ ਪਰਿਵਾਰ ਦੇ ਮਾਸੂਮ ਬੱਚੇ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਅਕਾਸ਼ਦੀਪ ਸਿੰਘ (11) ਦੇ ਪਿਤਾ ਗੋਰਾ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਹ ਵਿਹੜੇ 'ਚ ਸੁੱਤੇ ਪਏ ਸਨ। ਜਦੋਂ ਸਵੇਰੇ ਸਾਢੇ 3 ਵਜੇ ਮੀਂਹ ਆਇਆ ਤਾਂ ਪਰਿਵਾਰ ਦੇ ਸਾਰੇ ਜੀਅ ਉੱਠ ਕੇ ਅੰਦਰ ਜਾਣ ਲੱਗੇ ਤਾਂ ਉਸ ਦੇ ਛੋਟੇ ਬੇਟੇ ਅਕਾਸ਼ਦੀਪ ਨੂੰ ਕਮਰੇ ਦੀ ਦਹਿਲੀਜ਼ 'ਤੇ ਬੈਠੇ ਸੱਪ ਨੇ ਡੰਗ ਲਿਆ। ਉਹ ਤਿੱਖੀ ਪੱਤੀ ਦੇ ਭੁਲੇਖੇ ਅੰਦਰ ਜਾ ਕੇ ਪੈ ਗਏ। ਭਾਵੇ ਇਸ ਦਾ ਪਤਾ ਉਨ੍ਹਾਂ ਨੂੰ ਤੁਰੰਤ ਨਹੀਂ ਲੱਗਿਆ ਪਰ ਜਦੋਂ ਇਕ ਘੰਟੇ ਬਾਅਦ ਬੱਚੇ ਨੂੰ ਘਬਰਾਹਟ ਹੋਣੀ ਸ਼ੁਰੂ ਹੋਈ ਅਤੇ ਮੂੰਹ ਵਿਚੋਂ ਝੱਗ ਨਿਕਲਣ ਲੱਗੀ ਤਾਂ ਕਿਸੇ ਜ਼ਹਿਰੀਲੀ ਚੀਜ਼ ਦੇ ਡੰਗਣ ਦਾ ਸ਼ੱਕ ਪੈਦਾ ਹੋ ਗਿਆ। ਪੀੜਤ ਬੱਚੇ ਨੂੰ ਤੁਰੰਤ ਯੋਗੀ ਨਾਥ ਕੋਲ ਲਿਜਾਇਆ ਗਿਆ ਪਰ ਉਦੋਂ ਤਕ ਜ਼ਹਿਰ ਬੱਚੇ ਦੀ ਸ਼ਰੀਰ 'ਚ ਪੂਰੀ ਤਰ੍ਹਾਂ ਫੈਲ ਚੁੱਕਾ ਸੀ।

ਯੋਗੀਨਾਥ ਦੀ ਸਲਾਹ 'ਤੇ ਬੱਚੇ ਨੂੰ ਸਰਕਾਰੀ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬੱਚੇ ਦੀ ਲਾਸ਼ ਨੂੰ ਬਰਨਾਲਾ ਵਿਖੇ ਪੋਸਟਮਾਰਟਮ ਲਈ ਲਿਜਾਇਆ ਗਿਆ। ਯੋਗੀਨਾਥਾਂ ਵੱਲੋਂ ਮ੍ਰਿਤਕ ਬੱਚੇ ਦੇ ਘਰ ਸੱਪ ਦੀ ਭਾਲ ਕੀਤੀ ਜਾ ਰਹੀ ਸੀ। ਇਸ ਮੌਕੇ ਬੱਚੇ ਦੇ ਤਾਇਆ ਸ਼ਿਵਦਿਆਲ ਸਿੰਘ, ਭਰਾ ਗੋਰਾ ਸਿੰਘ, ਵਰਿੰਦਰ ਸਿੰਘ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਗੁਆਂਢੀ ਵੀ ਹਾਜ਼ਰ ਸਨ।

Posted By: Amita Verma