ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ : ਅੱਜ ਸਵੇਰੇ 10 ਵਜੇ ਦੇ ਕਰੀਬ ਇੱਕ ਨੌਜਵਾਨ ਦੇ ਨਹਿਰ 'ਚ ਨਹਾਉਂਦੇ ਸਮੇਂ ਪਾਣੀ 'ਚ ਰੁੜ੍ਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਲਾਸ਼ ਭਾਰੀ ਜੱਦੋ ਜਹਿਦ ਕਰ ਕੇ ਐੱਨਡੀਆਰਐੱਫ ਪੁਲਿਸ ਪ੍ਰਸ਼ਾਸਨ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕੱਢ ਕੇ ਪੁਲਿਸ ਵੱਲੋਂ ਕਬਜ਼ੇ 'ਚ ਲੈ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਐਸਐਚਓ ਮੋਹਰ ਸਿੰਘ ਨੇ ਦੱਸਿਆ ਕਿ15 ਅਗਸਤ ਨੂੰ ਕਸਬਾ ਮਹਿਲ ਕਲਾਂ ਤੋਂ 9 ਨੌਜਵਾਨ ਆਪਣੇ ਘਰੋਂ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਨਾਨਕਸਰ ਕਲੇਰਾਂ ਵਿਖੇ ਮੱਥਾ ਟੇਕਣ ਗਏ ਹੋਏ ਸੀ, ਉਹ ਜਦੋਂ 16 ਅਗਸਤ ਨੂੰ ਸਵੇਰੇ ਨਾਨਕਸਰ ਕਲੇਰਾਂ ਤੋਂ ਵਾਪਸ ਆਪਣੇ ਘਰਾਂ ਕਸਬਾ ਮਹਿਲ ਕਲਾਂ ਵਿਖੇ ਪਰਤ ਰਹੇ ਸੀ ਤਾਂ ਰਸਤੇ 'ਚ ਬਠਿੰਡਾ ਬ੍ਰਾਂਚ ਨਹਿਰ ਦੇ ਚੱਕ ਦੇ ਪੁੱਲ ਉਪਰ ਇੱਕ ਨੌਜਵਾਨ ਇੰਦਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਹਿਲ ਕਲਾਂ ਆਪਣਾ ਮੋਟਰਸਾਈਕਲ ਖੜ੍ਹਾ ਕਰ ਕੇ ਨਹਾਉਣ ਲੱਗਿਆ ਤਾਂ ਉਹ ਨਹਾਉਂਦਾ ਹੋਇਆ ਨਹਿਰ ਦੇ ਚੱਲਦੇ ਪਾਣੀ ਵਿੱਚ ਰੁੜ੍ਹ ਗਿਆ ਸੀ।

ਘਟਨਾ ਦਾ ਪਤਾ ਲੱਗਦਿਆਂ ਹੀ ਮਹਿਲ ਕਲਾਂ ਪੁਲਿਸ ਵੱਲੋਂ ਥਾਣਾ ਮੁਖੀ ਮੋਹਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਹਿਰ ਦੇ ਪੁੱਲ ਉਪਰ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਘਟਨਾ ਸਬੰਧੀ ਐੱਸਐੱਸਪੀ ਬਰਨਾਲਾ ਹਰਜੀਤ ਸਿੰਘ ਤੇ ਡੀਐੱਸਪੀ ਰਵਿੰਦਰ ਸਿੰਘ ਢਿੱਲੋਂ ਨੂੰ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਵੱਲੋਂ ਐੱਨਡੀਆਰਐੱਫ ਟੀਮ ਦੇ ਮੁਖੀ ਕੈਪਟਨ ਹਰੀ ਓਮ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਪਾਣੀ 'ਚ ਰੁੜ੍ਹੇ ਨੌਜਵਾਨ ਨੂੰ ਲੱਭਣ ਲਈ ਭਾਰੀ ਜਦੋਂ ਜਹਿਦ ਕਰਕੇ ਅੱਜ 18 ਅਗਸਤ ਨੂੰ ਸਵੇਰੇ 10 ਵਜੇ ਦੇ ਕਰੀਬ ਨਹਿਰ ਦੇ 'ਚ ਇੱਕ ਤੁਰਦੀ ਆਉਂਦੀ ਲਾਸ਼ ਨੂੰ ਪਿੰਡ ਗਹਿਲ ਦੇ ਨਹਿਰ ਦੇ ਪੁਲ ਕੋਲੋ ਨਹਿਰ ਵਿਚੋਂ ਬਾਹਰ ਕੱਢ ਕੇ ਪੁਲਸ ਨੇ ਕਬਜ਼ੇ ਵਿਚ ਲੈ ਲਿਆ।

ਉਨ੍ਹਾਂ ਕਿਹਾ ਕਿ ਬਲਦੇਵ ਸਿੰਘ ਵਾਸੀ ਮਹਿਲ ਕਲਾਂ ਵੱਲੋਂ ਪੰਚਾਇਤ ਦੀ ਹਾਜਰੀ 'ਚ ਆਪਣੇ ਪੁੱਤਰ ਇੰਦਰਜੀਤ ਸਿੰਘ ਦੀ ਲਾਸ਼ ਦੀ ਸ਼ਨਾਖ਼ਤ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਮਿ੍ਤਕ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਬਰਨਾਲਾ ਭੇਜਿਆ ਗਿਆ ਹੈ।

Posted By: Amita Verma