ਸੁਰਿੰਦਰ ਗੋਇਲ, ਸ਼ਹਿਣਾ : ਥਾਣਾ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਦੇ ਪਿਛਲੇ ਦੋ ਦਿਨ ਤੋਂ ਲਾਪਤਾ ਵਿਅਕਤੀ ਦੀ ਲਾਸ਼ ਨੇੜਲੇ ਸਨਅਤੀ ਕਸਬਾ ਪੱਖੋ ਕੈਚੀਆਂ ਵਿਖੇ ਤਪਾ ਰੋਡ 'ਤੇ ਇਕ ਸੁੰਨਸਾਨ ਗਲੀ ਦੇ ਬੇ-ਅਬਾਦ ਪਏ ਅਧੂਰੇ ਬਣੇ ਘਰ 'ਚੋਂ ਮਿਲੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਗਲੀ ਦੇ ਨੇੜਲੇ ਦੁਕਾਨਦਾਰ ਗਲੀ ਕੋਲ ਬਾਥਰੂਮ ਜਾਣ ਸਮੇਂ ਆ ਰਹੀ ਬਦਬੂ ਤੇ ਕੁੱਤੇ ਫਿਰਦੇ ਦੇਖ ਕਰ ਆਸਪਾਸ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਤੇ ਇਕੱਤਰ ਹੋ ਕੇ ਦੇਖਿਆ ਤਾਂ ਇਕ ਦਬੀ ਹੋਈ ਲਾਸ਼ ਦਿਖਾਈ ਦੇ ਰਹੀ ਸੀ ਜਿੰਨ੍ਹਾਂ ਨੇ ਮੌਕੇ 'ਤੇ ਹੀ ਥਾਣਾ ਸ਼ਹਿਣਾ ਦੀ ਪੁਲਿਸ ਨੂੰ ਸੂਚਿਤ ਕੀਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਐਸਐਚਓ ਇਕਬਾਲ ਸਿੰਘ ਗਿੱਲ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਐਸਐਚਓ ਇਕਬਾਲ ਸਿੰਘ ਗਿੱਲ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੱਖੋ ਕੈਚੀਆਂ ਵਿਖੇ ਇਕ ਬੇ-ਅਬਾਦ ਪਏ ਘਰ ਕੋਲ ਕੁੱਤੇ ਫਿਰਦੇ ਹਨ ਤੇ ਬਦਬੂ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨਾਲ ਤਰੁੰਤ ਜਾ ਕੇ ਦੇਖਿਆ ਤਾਂ ਇਕ ਲਾਸ਼ ਜਿਸ ਦੇ ਉੱਪਰ ਮਿੱਟੀ ਤੇ ਘਾਹ ਫੂਸ ਪਿਆ ਸੀ ਨੂੰ ਅਵਾਰਾ ਕੁੱਤੇ ਨੋਚ ਰਹੇ ਸਨ। ਉਨ੍ਹਾਂ ਦੱਸਿਆ ਕਿ ਤਰੁੰਤ ਕਾਰਵਾਈ ਕਰਦਿਆਂ ਮਿੱਟੀ ਤੇ ਘਾਹ ਫੂਸ ਸਾਫ ਕਰਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ।

ਉਨ੍ਹਾਂ ਦੱਸਿਆ ਕਿ ਲਾਸ਼ ਦੀ ਪਛਾਣ ਪਿੰਡ ਭਗਤਪੁਰਾ ਦੇ ਇਕ ਲਾਪਤਾ ਵਿਅਕਤੀ ਗੁਰਮੇਲ ਸਿੰਘ 50-52 ਸਾਲ ਪੁੱਤਰ ਬਲਵੀਰ ਸਿੰਘ ਵਾਸੀ ਭਗਤਪੁਰਾ ਮੌੜ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਪਹਿਚਾਣ ਉਸ ਦੇ ਭਰਾ ਅਜਮੇਰ ਸਿੰਘ ਉਰਫ ਕਾਕਾ ਦੇ ਕਰਨ ਉਪਰੰਤ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦੇਹ ਘਰ 'ਚ ਰੱਖ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਮੂੰਹ ਤੇ ਸਿਰ ਉੱਪਰ ਸੱਟਾਂ ਦੇ ਨਿਸ਼ਾਨ ਪਏ ਹੋਏ ਹਨ, ਜਿਸ ਤੋਂ ਇਹ ਜਾਪਦਾ ਹੈ ਕਿ ਕਤਲ ਕੀਤਾ ਗਿਆ ਹੈ।

ਪਿੰਡ ਭਗਤਪੁਰਾ ਦੇ ਸਰਪੰਚ ਅੰਗਰੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੰਘੀ 15 ਨਵੰਬਰ ਨੂੰ ਸਵੇਰੇ ਆਪਣੇ ਘਰੋ ਮੋਟਰਸਾਈਕਲ 'ਤੇ ਗਿਆ ਸੀ ਤੇ ਦੁਪਿਹਰੇ ਪਿੰਡ ਦੇ ਹੀ ਇਕ ਵਿਅਕਤੀ ਦੀ ਪੱਖੋ ਕੈਚੀਆਂ ਵਿਖੇ ਦੁਕਾਨ 'ਤੇ ਮੋਟਰਸਾਈਕਲ ਖੜ੍ਹਾ ਕਰਨ ਉਪਰੰਤ ਵਾਪਸ ਮੁੜ ਕੇ ਨਹੀਂ ਆਇਆ। ਜਦ ਕਿ ਸ਼ਾਮ ਨੂੰ ਘਰ ਵਾਪਸ ਨਾ ਆਉਣ 'ਤੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰਨ ਲਈ ਲਗਾਤਾਰ ਲੱਗੇ ਹੋਏ ਸਨ।


ਸੋਮਵਾਰ ਨੂੰ ਹੋਵੇਗਾ ਪੋਸਟਮਾਰਟਮ : ਐਸਐਚਓ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਬਰਨਾਲਾ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਮੇਲ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਸੋਮਵਾਰ ਨੂੰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਪੋਸਟਮਾਰਟਮ ਦੀ ਡਾਕਟਰੀ ਰਿਪੋਰਟ ਆਉਣ ਉਪਰੰਤ ਜਾਂਚ ਹੋਰ ਤੇਜੀ ਲਿਆਂਦੀ ਜਾਵੇਗੀ।


ਕਤਲ ਦਾ ਪਰਚਾ ਦਰਜ : ਡੀਐਸਪੀ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਉੱਪ ਕਪਤਾਨ ਪੁਲਿਸ ਤਪਾ ਰਾਵਿੰਦਰ ਸਿੰਘ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਅਜਮੇਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਗਤਪੁਰਾ ਮੌੜ ਦੇ ਬਿਆਨਾਂ ਦੇ ਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਵੱਖ-ਵੱਖ ਪਹਿਲੂਆਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਲਦ ਹੀ ਕਾਤਲ ਗ੍ਰਿਫਤਾਰ ਕੀਤੇ ਜਾਣਗੇ।

Posted By: Jagjit Singh