ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸਰਕਾਰੀ ਮਿਡਲ ਸਕੂਲ ਬਾਜਵਾ ਪੱਤੀ ਬਰਨਾਲਾ ਵਿਖੇ ਸਕੂਲ ਦੇ ਹੈੱਡ ਮਾਸਟਰ ਵੱਲੋਂ ਬੱਚਿਆਂ ਦੇ ਨਾਲ ਕਥਿਤ ਤੌਰ 'ਤੇ ਅਸ਼ਲੀਲ ਗੱਲਾਂ ਤੇ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਦੇ ਰੋਸ ਵਜੋਂ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਹੈੱਡ ਮਾਸਟਰ ਦਾ ਤਬਾਦਲਾ ਕਰਨ ਦੀ ਮੰਗ ਕੀਤੀ। ਬੱਚਿਆਂ ਦੇ ਮਾਪਿਆਂ ਤੇ ਐਵਰਗ੍ਰੀਨ ਕਲੱਬ ਦੇ ਪਰਮਜੀਤ ਸਿੰਘ ਕੈਰੇ, ਸਫ਼ਾਈ ਸੇਵਕ ਯੂਨੀਅਨ ਦੇ ਆਗੂ ਵਿਕਰਮਜੀਤ ਵਿੱਕੀ, ਜੱਗਾ ਸਿੱਧੂ, ਜਸਪ੍ਰੀਤ ਜੱਸੀ, ਇੰਦਰ ਸਿੰਘ, ਸ਼ਿੰਗਾਰਾ ਸਿੰਘ ਤੇ ਸਤਿਸੰਗ ਸਿੰਘ ਆਦਿ ਨੇ ਦੱਸਿਆ ਕਿ ਸਕੂਲ ਦੇ ਹੈੱਡ ਮਾਸਟਰ ਸਤਪਾਲ ਭੂਸ਼ਣ ਗੁਪਤਾ ਦੀ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਬੱਚਿਆਂ ਨੂੰ ਸਿੱਖਿਆ ਦੇ ਕੇ ਚੰਗਾ ਮਾਰਗ ਦਿਖਾਉਂਦਾ ਹੈ ਪਰ ਉਕਤ ਹੈੱਡ ਮਾਸਟਰ ਬੱਚਿਆਂ ਨਾਲ ਕਥਿਤ ਅਸ਼ਲੀਲ ਗੱਲਾਂ ਕਰ ਕੇ ਉਨ੍ਹਾਂ ਦੇ ਭਵਿੱਖ ਨੂੰ ਖ਼ਤਰੇ 'ਚ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋ ਦਿਨਾਂ 'ਚ ਹੈੱਡ ਮਾਸਟਰ ਦਾ ਤਬਾਦਲਾ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


ਮਾਮਲੇ ਦੀ ਜਾਂਚ ਜਾਰੀ : ਡੀਈਓ


ਡੀਈਓ ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਇਸ ਕੇਸ ਦੀ ਜਾਂਚ ਦੇ ਲਈ ਅਫ਼ਸਰ ਮਨਪਾਲ ਸਿੰਘ ਨੂੰ ਭੇਜਿਆ ਹੈ। ਜਿਨ੍ਹਾਂ ਵੱਲੋਂ ਬੱਚਿਆਂ ਦੇ ਮਾਪਿਆਂ ਨੇ ਬਿਆਨ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਅ ਅਫ਼ਸਰ ਦੀ ਰਿਪੋਰਟ ਦੇ ਅਧਾਰ 'ਤੇ ਸ਼ੁੱਕਰਵਾਰ ਨੂੰ ਅਗਲੀ ਕਾਰਵਾਈ ਕੀਤੀ ਜਾਵੇਗੀ।

ਬੱਚੇ ਲਗਾਏ ਦਰਵਾਜ਼ੇ ਨਾਲ ਬੰਨ੍ਹ ਕੇ ਕੁੱਟਣ ਦੇ ਦੋਸ਼

ਸੱਤਵੀਂ ਦੇ ਵਿਦਿਆਰਥੀ ਨੇ ਦੱਸਿਆ ਕਿ ਉਸ ਨੂੰ ਗਹਿਣ ਤੇ ਸਾਇੰਸ ਪੜ੍ਹਾਉਣ ਵਾਲੇ ਹੈੱਡ ਮਾਸਟਰ ਉਸ ਨਾਲ ਅਸ਼ਲੀਲ ਗੱਲਾਂ ਕਰਦੇ ਹਨ ਤੇ ਬੇਵਜ੍ਹਾ ਕੁੱਟਮਾਰ ਵੀ ਕਰਦੇ ਹਨ। ਪਿਛਲੇ ਦਿਨੀਂ ਉਹ ਉਸ ਦੇ ਮਾਪਿਆਂ ਬਾਰੇ ਅਸ਼ਲੀਲ ਗੱਲਾਂ ਪੁੱਛਣ ਲੱਗ ਪਏ। ਜਦ ਉਸ ਨੇ ਇਸ ਬਾਰੇ ਮਾਪਿਆਂ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਉਸ ਨੂੰ ਦਰਵਾਜ਼ੇ ਨਾਲ ਬੰਨ੍ਹ ਕੇ ਕੁੱਟਿਆ। ਬੱਚੇ ਦੇ ਪਿਤਾ ਮੁਹੰਮਦ ਛੋਟਨ ਨੇ ਦੱਸਿਆ ਕਿ ਪਹਿਲਾਂ ਵੀ ਹੈੱਡ ਮਾਸਟਰ ਦੀ ਸ਼ਿਕਾਇਤ ਮਿਲਦੀ ਰਹੀ ਹੈ, ਪਰ ਉਨ੍ਹਾਂ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਉਕਤ ਹੈੱਡ ਮਾਸਟਰ ਬੱਚਿਆਂ ਨਾਲ ਅਸ਼ਲੀਲ ਗੱਲਾਂ ਕਰ ਕੇ ਉਨ੍ਹਾਂ ਨੂੰ ਧਮਕਾ ਰਿਹਾ ਹੈ । ਅਜਿਹੇ ਅਧਿਆਪਕ ਦਾ ਤੁਰੰਤ ਸਕੂਲ ਤੋਂ ਤਬਾਦਲਾ ਹੋਣਾ ਚਾਹੀਦਾ ਹੈ।


ਰੰਜਿਸ਼ਨ ਲਗਾਏ ਜਾ ਰਹੇ ਹਨ ਦੋਸ਼ : ਹੈੱਡ ਮਾਸਟਰ


ਹੈੱਡ ਮਾਸਟਰ ਸਤਪਾਲ ਭੂਸ਼ਣ ਗੁਪਤਾ ਨੇ ਦੱਸਿਆ ਕਿ ਉਨ੍ਹਾਂ 'ਤੇ ਜੋ ਦੋਸ਼ ਲਗਾਏ ਜਾ ਰਹੇ ਉਹ ਸਰਾਸਰ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਨਾਲ ਕੋਈ ਗਲਤ ਗੱਲ ਨਹੀਂ ਕੀਤੀ ਹੈ। ਉਸ ਨੂੰ ਜਾਣਬੁੱਝ ਕੇ ਫ਼ਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਕਸਰ ਹੀ ਸਕੂਲ 'ਚ ਸਾਰੇ ਅਧਿਆਪਕਾਂ ਨੂੰ ਸਕੂਲ ਸਮੇਂ ਦੇ ਦੌਰਾਨ ਮੋਬਾਈਲ ਚਲਾਉਣ ਤੋਂ ਰੋਕਦੇ ਹਨ। ਇਸ ਰੰਜਿਸ਼ ਤਹਿਤ ਉਨ੍ਹਾਂ 'ਤੇ ਅਜਿਹੇ ਦੋਸ ਲਗਾਏ ਜਾ ਰਹੇ ਹਨ।

Posted By: Seema Anand