ਸਟਾਫ ਰਿਪੋਰਟਰ, ਬਰਨਾਲਾ : ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਜਿਲ੍ਹਾ ਕਮੇਟੀ ਦੀ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਮੀਟਿੰਗ 'ਚ ਫੈਸਲਾ ਲਿਆ ਗਿਆ ਕਿ 7 ਅਗਸਤ ਨੂੰ ਤਪਾ ਤਹਿਸੀਲ ਤੇ 8 ਅਗਸਤ ਨੂੰ ਬਰਨਾਲਾ ਤਹਿਸੀਲ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ 19 ਅਗਸਤ ਨੂੰ ਜਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ। ਇਸ ਮੌਕੇ ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰਰੀਤ ਰੂੜੇਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਅਮਲ 'ਚ ਸਵਾਏ ਝੂਠੇ ਬਿਆਨਾਂ ਤੋਂ ਕੁੱਝ ਵੀ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿੰਡਾਂ ਅੰਦਰ ਗਰੀਬ ਮਜਦੂਰਾਂ ਦੀ ਕਣਕ ਕੱਟੀ ਗਈ, ਪਰ ਵੱਡੇ ਧਨਾਢਾਂ ਮਿਲ ਰਹੀ ਹੈ। ਉਨਾਂ੍ਹ ਸਰਕਾਰ ਵੱਲੋਂ ਪੰਜਾਬ 'ਚੋਂ 11% ਗਰੀਬ ਲੋਕਾਂ ਦੇ ਕੱਟੇ ਗਏ ਕੋਟਾ ਨੂੰ ਤਰੁੰਤ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਇਕ ਇਕ ਹਜਾਰ ਰੁਪਇਆ ਅੌਰਤਾਂ ਦੇ ਖਾਤਿਆਂ 'ਚ ਪਾਇਆ ਜਾਵੇ, ਮਨਰੇਗਾ ਮਜਦੂਰਾਂ ਦੇ ਕੰਮ ਦੀ ਦਿਹਾੜੀ 700 ਰੁਪਏ ਤੇ ਕੰਮ ਦੇ ਘੰਟੇ 6 ਕੀਤੇ ਜਾਣ, ਕੰਮ ਦੇ ਦਿਨ 200 ਕੀਤੇ ਜਾਣ, ਪੰਚਾਇਤੀ ਜਮੀਨ 'ਚੋਂ ਮਜਦੂਰਾਂ ਦੇ ਹਿੱਸੇ ਦੀ ਜਮੀਨ ਉਹਨਾਂ ਨੂੰ ਪੱਠਿਆਂ ਲਈ ਦਿਤੀ ਜਾਵੇ। ਇੰਨਾਂ੍ਹ ਮੰਗਾਂ ਸਬੰਧੀ ਜਿਲ੍ਹੇ ਭਰ ਦੇ ਦਰਜਨਾਂ ਪਿੰਡਾਂ 'ਚੋ ਮਜਦੂਰ 19 ਅਗਸਤ ਦੀ ਰੈਲੀ 'ਚ ਸਮੂਲੀਅਤ ਕਰਨਗੇ। ਇਸ ਮੌਕੇ ਬਰਨਾਲਾ ਤਹਿਸੀਲ ਸਕੱਤਰ ਕਾਮਰੇਡ ਕਰਨੈਲ ਸਿੰਘ ਠੀਕਰੀਵਾਲਾ, ਤਪਾ ਤਹਿਸੀਲ ਸਕੱਤਰ ਕਾਮਰੇਡ ਸਵਰਨ ਸਿੰਘ ਜੰਗੀਆਣਾ, ਹਰਚਰਨ ਸਿੰਘ ਰੂੜੇਕੇ, ਸਿੰਦਰ ਕੌਰ ਹਰੀਗੜ੍ਹ, ਗੁਰਪ੍ਰਰੀਤ ਸਿੰਘ ਕੋਟਦੁਨਾ ਆਦਿ ਆਗੂ ਹਾਜ਼ਰ ਸਨ।