ਮਨਪ੍ਰੀਤ ਜਲਪੋਤ, ਤਪਾ ਮੰਡੀ : ਅੱਜ ਸਵੇਰੇ ਸਾਢੇ 9 ਵਜੇ ਸਰਕਾਰੀ ਹਸਪਤਾਲ ਤਪਾ ਅੰਦਰ ਉਸ ਵੇਲੇ ਗੁੰਡਾਗਰਦੀ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਜਦੋਂ ਸਰਪੰਚੀ ਦੀਆਂ ਚੋਣਾਂ ਤੋਂ ਲੈ ਕੇ ਦੋ ਧਿਰਾਂ ਦੀ ਆਪਸੀ ਰੰਜ਼ਿਸ ਕਾਰਨ ਦੋਵੇਂ ਧਿਰਾਂ ਹਸਪਤਾਲ ਅੰਦਰ ਭਿੜ ਗਈਆਂ। ਪਿੰਡ ਛੰਨਾ ਗੁਲਾਬ ਸਿੰਘ ਵਾਲਾ (ਭਦੌੜ) ਦੀਆਂ ਦੋ ਧਿਰਾਂ ਦੀ ਆਪਸੀ ਲੜਾਈ ਤਪਾ ਦੇ ਸਰਕਾਰੀ ਹਸਪਤਾਲ ਅੰਦਰ ਵੱਡਾ ਰੂਪ ਧਾਰ ਗਈ ਜਿਨ੍ਹਾਂ ਨੂੰ ਛੁਡਾਉਂਦੇ ਹੋਏ ਐਂਬੂਲੈਂਸ ਚਾਲਕ ਅਤੇ ਕੰਟੀਨ ਮਾਲਕ ਵੀ ਲਪੇਟ 'ਚ ਆ ਗਏ ਪਰ ਉਨ੍ਹਾਂ ਦਾ ਸੱਟ-ਫੇਟ ਤੋਂ ਬਚਾਅ ਰਿਹਾ।

ਜਾਣਕਾਰੀ ਦਿੰਦਿਆਂ ਜ਼ਖ਼ਮੀ ਸੁਖਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਛੰਨਾ ਗੁਲਾਬ ਸਿੰਘ ਵਾਲਾ ਨੇ ਦੱਸਿਆ ਕਿ ਦੂਜੀ ਧਿਰ ਸਾਡੇ ਨਾਲ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਰੰਜਿਸ਼ ਰੱਖਦੀ ਸੀ ਕਿਉਂਕਿ ਉਨ੍ਹਾਂ ਦੂਸਰੇ ਉਮੀਦਵਾਰ ਦੀ ਹਮਾਇਤ ਕੀਤੀ ਸੀ ਜਿਸ ਕਾਰਨ ਪਹਿਲਾਂ ਵੀ ਉਨ੍ਹਾਂ ਦੀ ਪਿੰਡ 'ਚ ਲੜਾਈ ਹੋ ਚੁੱਕੀ ਹੈ। ਇਸ ਸਬੰਧੀ ਦੋਵਾਂ ਧਿਰਾਂ 'ਤੇ ਪਹਿਲਾਂ ਵੀ ਥਾਣਾ ਭਦੌੜ 'ਚ ਮਾਮਲਾ ਦਰਜ ਹੈ। ਅੱਜ ਫਿਰ ਦੂਜੀ ਧਿਰ ਨੇ ਪਿੰਡ 'ਚ ਉਸ 'ਤੇ ਕਾਤਲਾਨਾ ਹਮਲਾ ਕਰ ਦਿੱਤਾ ਜਿੱਥੇ ਬਚਾਅ ਲਈ ਪਹੁੰਚੇ ਉਸ ਦੇ ਪਿਤਾ ਦੇ ਵੀ ਸੱਟਾਂ ਲੱਗੀਆਂ ਅਤੇ ਉਹ ਇਲਾਜ ਲਈ ਸਰਕਾਰੀ ਹਸਪਤਾਲ ਤਪਾ ਵਿਖੇ ਦਾਖ਼ਲ ਹਨ। ਦੂਜੀ ਧਿਰ ਨੇ ਹਸਪਤਾਲ ਅੰਦਰ ਹੀ ਆ ਕੇ ਕਿਰਪਾਨਾਂ ਤੇ ਲੋਹੇ ਦੀਆਂ ਰਾਡਾਂ ਨਾਲ ਉਨ੍ਹਾਂ 'ਤੇ ਹਮਲਾ ਕੀਤਾ। ਜੇਕਰ ਸਮਾਜਸੇਵੀ ਉਨ੍ਹਾਂ ਨੂੰ ਨਾ ਬਚਾਉਂਦੇ ਤਾਂ ਸ਼ਾਇਦ ਜਾਨ ਵੀ ਚਲੀ ਜਾਂਦੀ।

ਓਧਰ ਦੂਜੀ ਧਿਰ ਦੇ ਜਸਵੀਰ ਸਿੰਘ ਪੁੱਤਰ ਹਰਨੇਕ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਪਿੰਡ ਤੋਂ ਭਦੌੜ ਟਰੈਕਟਰ 'ਤੇ ਡੀਜ਼ਲ ਪੁਆਉਣ ਜਾ ਰਿਹਾ ਸੀ ਤਾਂ ਉਸ ਦੇ ਟਰੈਕਟਰ ਦਾ ਡੀਜ਼ਲ ਰਾਹ 'ਚ ਹੀ ਖ਼ਤਮ ਹੋ ਗਿਆ। ਦੂਜੀ ਧਿਰ ਵਾਲਿਆਂ ਦਾ ਘਰ ਨੇੜੇ ਹੋਣ ਕਰਕੇ ਉਨ੍ਹਾਂ ਮੇਨੂੰ ਦੇਖ ਕੇ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ ਉਹ ਵੀ ਦੀਪ ਸਿੰਘ ਪੁੱਤਰ ਮਹਿੰਦਰ ਸਿੰਘ, ਮਿੱਠੂ ਸਿੰਘ ਪੁੱਤਰ ਮਹਿੰਦਰ ਸਿੰਘ, ਲਖਵੀਰ ਸਿੰਘ ਪੁੱਤਰ ਹਰਨੇਕ ਸਿੰਘ ਨਾਲ ਹਸਪਤਾਲ ਅੰਦਰ ਦਾਖ਼ਲ ਹੋਣ ਲਈ ਪਹੁੰਚਿਆਂ ਤਾਂ ਪਹਿਲਾਂ ਹੀ ਤਾਕ 'ਚ ਖੜ੍ਹੇ ਅਮਰਜੀਤ ਸਿੰਘ ਅਤੇ ਦੋ ਹੋਰ ਅਣਪਛਾਤਿਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਸਪਤਾਲ ਐਮਰਜੈਂਸੀ ਦੇ ਗੇਟ ਭੰਨੇ ਗਏ।

ਘਟਨਾ ਦੌਰਾਨ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਟਰੇਨਿੰਗ ਲਈ ਹਸਪਤਾਲ ਅੰਦਰ ਪੁੱਜੀਆਂ ਹੋਈਆਂ ਸਨ, ਜੋ ਇਹ ਘਟਨਾ ਨਾਲ ਸਹਿਮ ਗਈਆਂ ਅਤੇ ਉਨ੍ਹਾਂ ਨੂੰ ਤੁਰੰਤ ਵਾਪਸ ਸਕੂਲ ਭੇਜ ਕੇ ਸਟਾਫ਼ ਵੱਲੋਂ ਹਸਪਤਾਲ ਦੇ ਮੁੱਖ ਗੇਟ ਬੰਦ ਕਰ ਦਿੱਤੇ ਗਏ। ਘਟਨਾ ਦਾ ਪਤਾ ਲਗਦੇ ਸਾਰ ਹੀ ਥਾਣਾ ਤਪਾ ਤੋਂ ਸਬ ਇੰਸਪੈਕਟਰ ਸਾਹਬ ਸਿੰਘ, ਸਿਟੀ ਇੰਚਾਰਜ ਪ੍ਰਿਤਪਾਲ ਸਿੰਘ, ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਤੇ ਸਰਬਜੀਤ ਸਿੰਘ ਪੁਲਿਸ ਪਾਰਟੀ ਸਮੇਤ ਹਸਪਤਾਲ ਪੁੱਜੇ ਜਿਨ੍ਹਾਂ ਨੇ ਦੋਸ਼ੀਆਂ ਦੇ ਹਥਿਆਰ, ਸਵਿਫ਼ਟ ਕਾਰ ਅਤੇ ਬੁਲਟ ਮੋਟਰਸਾਈਕਲ ਸਮੇਤ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ ਜਿਸ ਨੂੰ ਦੇਖਣ ਉਪਰੰਤ ਦੋਸ਼ੀ ਧਿਰ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਮੌਕੇ 'ਤੇ ਖੜ੍ਹੇ ਲੋਕਾਂ ਵੱਲੋਂ ਮਿੰਨੀ ਸਹਾਰਾ ਕਲੱਬ ਦੇ ਐਂਬੂਲੈਂਸ ਚਾਲਕ ਗੋਗੀ ਭੁੱਲਰ ਅਤੇ ਕੰਟੀਨ ਮਾਲਕ ਪ੍ਰਦੀਪ ਸ਼ਰਮਾ ਦੀ ਸ਼ਲਾਘਾ ਕੀਤੀ ਗਈ ਕਿਉਂਕਿ ਜੇਕਰ ਉਹ ਦੋਵੇਂ ਜਣੇ ਹਸਪਤਾਲ 'ਚ ਲੜਾਈ ਨਾ ਰੋਕਦੇ ਤਾਂ ਜਾਨੀ ਨੁਕਸਾਨ ਹੋ ਜਾਣਾ ਸੀ।

Posted By: Seema Anand