ਮਨਪ੍ਰੀਤ ਜਲਪੋਤ, ਤਪਾ ਮੰਡੀ : ਸੋਮਵਾਰ ਸਵੇਰੇ 2 ਵਜੇ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਤਪਾ ਨੇੜੇ ਪੈਂਦੇ ਪਿੰਡ ਘੁੰਨਸ ਕੋਲ ਇਕ ਰਾਜਸਥਾਨੀ ਸਲੀਪਰ ਬੱਸ ਨੰਬਰ ਆਰਜੇ 14 ਪੀਡੀ 7600 ਨੂੰ ਅਚਾਨਕ ਅੱਗ ਲੱਗ ਗਈ। ਇਹ ਬੱਸ ਗੰਗਾਨਗਰ ਤੋਂ ਵਾਇਆ ਬਠਿੰਡਾ ਹੋ ਕੇ ਚੰਡੀਗੜ੍ਹ ਵੱਲ ਜਾ ਰਹੀ ਸੀ ਜਿਵੇਂ ਹੀ ਇਹ ਬੱਸ ਤਪਾ ਲੰਘ ਕੇ ਜੈ ਦੁਰਗਾ ਸੋਪ ਫੈਕਟਰੀ ਸਾਹਮਣੇ ਪੁੱਜੀ ਤਾਂ ਚੱਲਦੇ ਏਸੀ 'ਚ ਸ਼ਾਰਟ ਸਰਕਟ ਕਾਰਨ ਬੱਸ ਅੰਦਰ ਅੱਗ ਲੱਗ ਗਈ। ਬੱਸ 'ਚ ਉਸ ਸਮੇਂ 42 ਦੇ ਲਗਪਗ ਯਾਤਰੀ ਸਫ਼ਰ ਕਰ ਰਹੇ ਸਨ। ਭਾਵੇਂ ਸਾਰੇ ਯਾਤਰੀ ਉਸ ਸਮੇਂ ਗੂੜ੍ਹੀ ਨੀਂਦ ਸੁੱਤੇ ਪਏ ਸਨ ਪਰ ਇਕ ਯਾਤਰੀ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਜਿਸ ਨੇ ਤੁਰੰਤ ਰੌਲਾ ਪਾ ਕੇ ਬੱਸ ਰੁਕਵਾ ਲਈ ਅਤੇ ਯਾਤਰੀਆਂ ਨੂੰ ਸੁਰੱਖ਼ਿਅਤ ਹੇਠਾਂ ਉਤਾਰਿਆ ਗਿਆ।

ਬੱਸ 'ਚ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਕਿਸੇ ਯਾਤਰੀ ਨੂੰ ਆਪਣਾ ਸਾਮਾਨ ਚੁੱਕਣ ਤਕ ਦਾ ਸਮਾਂ ਨਹੀਂ ਮਿਲਿਆ ਅਤੇ ਉਨ੍ਹਾਂ ਦਾ ਸਾਰਾ ਸਾਮਾਨ ਮੱਚ ਕੇ ਸੁਆਹ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਥਾਣਾ ਤਪਾ ਤੋਂ ਅਧਿਕਾਰੀ ਮੌਕੇ ਤੇ ਪੁੱਜੇ ਜਿਨ੍ਹਾਂ ਨੇ ਬਰਨਾਲਾ ਤੋਂ ਅੱਗ ਬੁਝਾਊ ਗੱਡੀਆਂ ਮੰਗਵਾਈਆਂ ਅਤੇ ਅੱਗ 'ਤੇ ਕਾਬੂ ਪਾਇਆ। ਥਾਣਾ ਤਪਾ ਦੇ ਮੁਖੀ ਜਾਨਪਾਲ ਸਿੰਘ ਹੰਝਰਾ ਨੇ ਦੱਸਿਆ ਕਿ ਹਾਦਸੇ ਦੌਰਾਨ ਬੱਸ ਚਾਲਕ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ ਸਨ। ਯਾਤਰੀਆਂ ਨੂੰ ਹੋਰ ਬੱਸਾਂ ਰਾਹੀਂ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਇਆ ਗਿਆ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਏਐੱਸਆਈ ਕੇਵਲ ਰਾਮ ਨੇ ਦੱਸਿਆ ਕਿ ਰਾਤ ਜਿਵੇਂ ਹੀ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਥਾਣਾ ਰੁੜਕੇ ਕਲਾਂ ਦੇ ਮੁਖੀ ਗਮਦੂਰ ਸਿੰਘ ਸਮੇਤ ਮੌਕੇ 'ਤੇ ਪਹੁੰਚ ਗਏ ਸਨ ਪਰ ਉਦੋਂ ਤਕ ਕੁਝ ਸਵਾਰੀਆਂ ਨੂੰ ਤਪਾ ਪੁਲਿਸ ਨੇ ਹੋਰ ਸਾਧਨਾਂ ਰਾਹੀ ਭੇਜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅਜੇ ਤਕ ਬੱਸ ਦਾ ਕੋਈ ਮਾਲਕ ਵੀ ਥਾਣੇ ਨਹੀਂ ਪਹੁੰਚਿਆ ਜਿਸ ਉਪਰੰਤ ਕੋਈ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਸਵਾਰੀਆਂ ਦਾ ਸੱਟ-ਫੇਟ ਤੋਂ ਬਚਾਅ ਰਿਹਾ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਸੀ ਕਿ ਇਹ ਬੱਸ ਲੰਬੇ ਸਮੇਂ ਤੋਂ ਬਿਨਾਂ ਪਰਮਿਟ ਚੱਲ ਰਹੀ ਸੀ।

Posted By: Seema Anand