ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਪੰਜਾਬ ਸਰਕਾਰ ਨੇ ਸੂਬੇ 'ਚ ਮੂੰਗੀ ਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਪਾਸੋ ਸਿੱਧੇ ਤੌਰ 'ਤੇ ਖਰੀਦਣ ਸਬੰਧੀ ਐਲਾਨ ਕੀਤਾ ਸੀ, ਪਰ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਮੂੰਗੀ ਦੀ ਫ਼ਸਲ ਮੰਡੀਆਂ 'ਚ ਰੁਲ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਦਾਣਾ ਮੰਡੀ ਬਰਨਾਲਾ 'ਚ ਸਾਹਮਣੇ ਆਇਆ ਹੈ, ਜਿੱਥੇ ਕਿਸਾਨ ਮੂੰਗੀ ਦੀ ਫ਼ਸਲ ਦੀ ਖਰੀਦ ਨੂੰ ਲੈ ਕੇ ਪੇ੍ਸ਼ਾਨ ਹੋ ਰਹੇ ਸਨ। ਪਰ ਮੌਕੇ 'ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਲੀਗਲ ਸੈੱਲ ਪੰਜਾਬ ਦੀ ਚੇਅਰਪਰਸਨ ਤੇ ਬਰਨਾਲਾ ਤੋਂ ਜ਼ਿਲ੍ਹਾ ਸਰਪ੍ਰਸਤ ਮਨਵੀਰ ਕੌਰ ਰਾਹੀ ਤੇ ਜਥੇਬੰਦੀ ਦੇ ਹੋਰ ਆਗੂਆਂ ਨੇ ਕਿਸਾਨਾਂ ਨੂੰ ਆ ਰਹੀ ਸਮੱਸਿਆ ਦਾ ਮੌਕੇ 'ਤੇ ਹੀ ਹੱਲ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਵੀਰ ਕੌਰ ਰਾਹੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਪੀਲ 'ਤੇ ਕਿਸਾਨਾਂ ਨੇ ਇਸ ਸਾਲ ਇੱਕ ਲੱਖ ਏਕੜ ਰਕਬੇ ਹੇਠ ਮੂੰਗੀ ਦੀ ਬਿਜਾਈ ਕੀਤੀ, ਜਦਕਿ ਪਿਛਲੇ ਸਾਲ 50 ਹਜ਼ਾਰ ਏਕੜ ਰਕਬੇ 'ਤੇ ਮੂੰਗੀ ਦੀ ਕਾਸ਼ਤ ਹੋਈ ਸੀ। ਪੰਜਾਬ ਮੰਡੀ ਬੋਰਡ ਨੇ ਮੂੰਗੀ ਦੀ ਫ਼ਸਲ 31 ਜੁਲਾਈ ਤੱਕ ਖਰੀਦਣ ਲਈ ਸੂਬੇ ਭਰ 'ਚ 40 ਮੰਡੀਆਂ ਨੋਟੀਫ਼ਾਈ ਕੀਤੀਆਂ ਸਨ। ਮੂੰਗੀ ਖਰੀਦਣ ਤੇ ਕਿਸਾਨਾਂ ਦੀ ਸਹੂਲਤ ਵਾਸਤੇ ਮਾਰਕਫੈੱਡ ਤੇ ਸਹਿਕਾਰੀ ਸਭਾਵਾਂ ਦਾ ਸਟਾਫ਼ ਨੋਟੀਫ਼ਾਈ ਮੰਡੀਆਂ ਦਾ ਸਟਾਫ਼ ਤੈਨਾਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੂੰਗੀ ਫ਼ਸਲ ਦੀ ਵੇਸਟ ਜਿਆਦਾ ਕੱਢੀ ਜਾ ਰਹੀ ਸੀ, ਪਰ ਮੌਕੇ 'ਤੇ ਖਰੀਦ ਏਜੰਸੀਆਂ ਨੂੰ ਬੁਲਾਇਆ ਗਿਆ ਤੇ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨਾਲ ਧੱਕੇਸ਼ਾਹੀ ਹੋਵੇਗੀ ਤਾਂ ਜਥੇਬੰਦੀ ਵਲੋਂ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਸਿੰਘ ਰੂੜੇਕੇ ਕਲਾਂ ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ ਬੂਟਾ ਸਿੰਘ ਨਾਈਵਾਲਾ, ਬੂਟਾ ਸਿੰਘ ਰਹਿਲ ਬਲਾਕ ਸ਼ਹਿਣਾ, ਸ਼ਿੰਗਾਰਾ ਸਿੰਘ ਛੀਨੀਵਾਲ ਕਲਾਂ ਬਲਾਕ ਪ੍ਰਧਾਨ ਮਹਿਲ ਕਲਾਂ ਤੇ ਬਹਾਦਰ ਸਿੰਘ ਬਲਾਕ ਪ੍ਰਧਾਨ ਬਰਨਾਲਾ ਆਦਿ ਵੀ ਹਾਜ਼ਰ ਸਨ।