ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਆਪ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਲੋਕ ਸੱਥਾਂ 'ਚ ਇਸ ਵਾਰ ਚੁਟਕਲੇ ਨਹੀਂ ਸੁਣਨਗੇ ਸਗੋਂ ਉਸ ਤੋਂ ਪੰਜ ਸਾਲਾਂ ਵਿਚ ਕੀਤੇ ਜਿੱਥੇ ਕੰਮਾਂ ਦਾ ਲੇਖਾ-ਜੋਖਾ ਪੁੱਛਣਗੇ ਉੱਥੇ ਵਿਦੇਸ਼ 'ਚੋਂ ਆਇਆ ਕਰੋੜਾਂ ਰੁਪਏ ਫੰਡ ਦਾ ਵੀ ਹਿਸਾਬ ਲੈਣਗੇ। ਆਪਣੀ ਘਰਵਾਲੀ ਨੂੰ ਫਿਲਮੀ ਸਟਾਰ ਵਾਂਗ ਤਲਾਕ ਲੈ ਕੇ ਕਰੋੜਾਂ ਰੁਪਏ ਹਜ਼ਮ ਨਹੀਂ ਕਰ ਸਕਦਾ, ਲੋਕ ਸਭ ਜਾਣਦੇ ਹਨ, ਇਹ ਰੋਹ ਭਰੇ ਸ਼ਬਦ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਬਰਨਾਲਾ 'ਚ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਕਹੇ।

ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਖੇਡਿਆ ਸਿਆਸੀ ਪੱਤਾ ਵੀ ਇਸ ਵਾਰ ਉਨ੍ਹਾਂ ਨੂੰ ਲਾਹਾ ਨਹੀਂ ਦਿਵਾ ਸਕੇਗਾ ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਆਪਣੇ ਪਿਤਾ ਨੂੰ ਮਨਾਉਣ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਆਪਣੀ ਘਰਵਾਲੀ ਨੂੰ ਪਹਿਲਾ ਮਨਾਉਣ, ਫਿਰ ਹਲਕੇ ਦੇ ਲੋਕਾਂ ਤੋਂ ਵੋਟਾਂ ਮੰਗਣ ਜਾਣ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਭਲੀ-ਭਾਂਤ ਜਾਣਦੇ ਹਨ, ਉਹ ਵਿਕਾਸ ਚਾਹੁੰਦੇ ਹਨ। ਹਲਕੇ ਦਾ ਬਹੁਪੱਖੀ ਵਿਕਾਸ ਕਾਂਗਰਸ ਸਰਕਾਰ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਗਵਾਹੀ ਵਿਚ ਹੋ ਸਕਦਾ ਹੈ, ਇਸ ਲਈ ਲੋਕ ਅੱਜ ਉਨ੍ਹਾਂ ਦੇ ਰੋਡ ਸ਼ੋਅ ਵਿਚ ਆਪ ਮੁਹਾਰੇ ਆਪਣੇ ਨਿੱਜੀ ਵਾਹਨਾਂ ਰਾਹੀਂ ਵਹੀਰਾਂ ਘੱਤ ਕੇ ਆਏ ਹਨ ਜੋ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਵਿਕਾਸ 'ਤੇ ਇਕ ਮੋਹਰ ਹੈ। ਇਸ ਮੌਕੇ ਵਿਧਾਨ ਸਭਾ ਹਲਕਾ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ, ਮਹਿਲ ਕਲਾਂ ਤੋਂ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਬੀਬੀ ਸੁਰਿੰਦਰ ਕੌਰ ਬਾਲੀਆ, ਮੱਖਣ ਸ਼ਰਮਾ, ਰੂਪੀ ਕੌਰ ਤੇ ਬੀਰ ਸਿੰਘ ਆਦਿ ਹਾਜ਼ਰ ਸਨ।

Posted By: Seema Anand