Barnala News : ਸਿਵਲ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
ਪੁਲਿਸ ਵੱਲੋਂ ਹੁਣ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ, ਤਾਂ ਜੋ ਇਹ ਪਤਾ ਲੱਗ ਸਕੇ ਕਿ ਨੌਜਵਾਨ ਹਸਪਤਾਲ ਦੀ ਤੀਜੀ ਮੰਜ਼ਿਲ ਤੱਕ ਕਿਵੇਂ ਪਹੁੰਚਿਆ ਤੇ ਉਸ ਦੀ ਮੌਤ ਕਿਹੜੇ ਹਾਲਾਤ ਵਿਚ ਹੋਈ।
Publish Date: Wed, 12 Nov 2025 08:48 PM (IST)
Updated Date: Wed, 12 Nov 2025 08:54 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਿਵਲ ਹਸਪਤਾਲ ਬਰਨਾਲਾ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਜੱਚਾ-ਬੱਚਾ ਵਾਰਡ ਦੀ ਤੀਜੀ ਮੰਜ਼ਿਲ 'ਤੇ ਇੱਕ ਅਣਪਛਾਤੇ ਨੌਜਵਾਨ ਦੀ ਸੜੀ-ਗਲੀ ਲਾਸ਼ ਬਰਾਮਦ ਹੋਈ। ਹਸਪਤਾਲ ਵਿੱਚ ਕਈ ਦਿਨਾਂ ਤੋਂ ਆ ਰਹੀ ਤੇਜ਼ ਬਦਬੂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਟਾਫ ਵੱਲੋਂ ਉੱਪਰ ਜਾ ਕੇ ਜਾਂਚ ਕੀਤੀ ਗਈ ਤੇ ਇਹ ਖੌਫਨਾਕ ਖੁਲਾਸਾ ਹੋਇਆ।
ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ, ਥਾਣਾ ਸਿਟੀ ਇੱਕ ਦੀ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਭੇਜ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਤ ਕਈ ਦਿਨ ਪਹਿਲਾਂ ਹੋਈ ਹੋਵੇਗੀ, ਕਿਉਂਕਿ ਲਾਸ਼ ਪੂਰੀ ਤਰ੍ਹਾਂ ਖਰਾਬ ਹਾਲਤ ਵਿੱਚ मी।
ਪੁਲਿਸ ਵੱਲੋਂ ਹੁਣ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ, ਤਾਂ ਜੋ ਇਹ ਪਤਾ ਲੱਗ ਸਕੇ ਕਿ ਨੌਜਵਾਨ ਹਸਪਤਾਲ ਦੀ ਤੀਜੀ ਮੰਜ਼ਿਲ ਤੱਕ ਕਿਵੇਂ ਪਹੁੰਚਿਆ ਤੇ ਉਸ ਦੀ ਮੌਤ ਕਿਹੜੇ ਹਾਲਾਤ ਵਿਚ ਹੋਈ।
ਘਟਨਾ ਨੇ ਹਸਪਤਾਲ ਪ੍ਰਬੰਧਨ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਦਬੂ ਕਈ ਦਿਨਾਂ ਤੋਂ ਆ ਰਹੀ ਸੀ ਪਰ ਪ੍ਰਬੰਧਨ ਨੇ ਸਮੇਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਥਾਣਾ ਸਿਟੀ ਇੱਕ ਦੇ ਮੁਖੀ ਐੱਸਐੱਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੇ ਹਰੇਕ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਸਾਹਮਣੇ ਆਉਣਗੇ।