ਮੁਖਤਿਆਰ ਸਿੰਘ, ਪੱਖੋ ਕਲਾਂ- ਇੱਕ ਨੌਜਵਾਨ, ਜਿਸ ਨੂੰ ਪੀਜੀਆਈ ਚੰਡੀਗੜ੍ਹ ਤੋਂ ਮ੍ਰਿਤਕ ਸਮਝ ਕੇ ਸਸਕਾਰ ਲਈ ਪਿੰਡ ਲਿਆਦਾਂ ਜਾ ਰਿਹਾ ਸੀ, ਉਹ ਅੱਠ ਘੰਟੇ ਬਾਅਦ ਜਿੰਦਾ ਪਾਇਆ ਗਿਆ। ਘਟਨਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਦੀ ਹੈ। ਜਾਣਕਾਰੀ ਅਨੁਸਾਰ ਗੁਰਤੇਜ ਸਿੰਘ (15 ਸਾਲ) ਪੁੱਤਰ ਸਿੰਗਾਰਾ ਸਿੰਘ ਵਾਸੀ ਪੱਖੋ ਕਲਾਂ ਨੂੰ ਕਈ ਦਿਨ ਪਹਿਲਾਂ ਇੱਕ ਅੱਖ ਦੀ ਨਿਗ੍ਹਾ ਘਟ ਜਾਣ ਕਾਰਨ ਉਸ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉੱਥੋਂ ਉਸ ਨੂੰ ਡਾਕਟਰ ਨੇ ਸਿਰ ਵਿੱਚ ਰਸੌਲੀ ਹੋਣ ਦਾ ਦੱਸ ਕੇ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਡੀਐਮਸੀ ਲੁਧਿਆਣਾ ਦੇ ਡਾਕਟਰਾਂ ਵੱਲੋਂ ਉਸ ਨੂੰ ਅੱਗੇ ਸਿਰ ਦਾ ਅਪ੍ਰੇਸ਼ਨ ਕਰਨ ਲਈ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ। ਪੀਜੀਆਈ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਐਮਰਜੈਂਸੀ ਸੈੱਲ ਵਿੱਚ ਰੱਖਣ ਤੋਂ ਬਾਅਦ ਕੱਲ੍ਹ ਸਵੇਰੇ ਛੇ ਵਜੇ ਵਾਪਿਸ ਚੁਕਵਾ ਦਿੱਤਾ।

ਸਮਝਿਆ ਜਾ ਰਿਹਾ ਸੀ ਕਿ ਉਕਤ ਨੌਜਵਾਨ ਮ੍ਰਿਤਕ ਹੋ ਚੁੱਕਾ ਹੈ। ਇਸ ਦੀ ਖ਼ਬਰ ਮਿਲਦਿਆਂ ਰਿਸ਼ਤੇਦਾਰ ਸਨੇਹੀ ਅਤੇ ਪਿੰਡ ਵਾਸੀ ਉਸ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਸਸਕਾਰ ਕਰਨ ਦੀਆਂ ਤਿਆਰੀਆਂ ਹੋਣ ਲੱਗੀਆਂ। ਜਦ ਉਸ ਨੂੰ ਵੈਨ ਰਾਹੀਂ ਲਿਆਦਾਂ ਜਾ ਰਿਹਾ ਸੀ ਪਿੰਡ ਤੋਂ ਪੰਜ ਕਿਲੋਮੀਟਰ ਪਿੱਛੇ ਰੂੜੇਕੇ ਕਲਾਂ ਵਿਖੇ ਗੱਡੀ ਰੋਕ ਕੇ ਉਸ ਦੇ ਕੱਪੜੇ ਬਦਲੇ ਜਾਣ ਲੱਗੇ ਤਾਂ ਉਸ ਦੇ ਗਵਾਂਢੀ ਸਤਨਾਮ ਸਿੰਘ ਨੂੰ ਉਸ ਦੇ ਸਾਹ ਚੱਲਦੇ ਹੋਣ ਦਾ ਸ਼ੱਕ ਹੋਇਆ। ਛੇਤੀ ਹੀ ਇੱਕ ਨੇੜਲੇ ਮੈਡੀਕਲ ਸਟੋਰ ਵਾਲੇ ਕੈਮਿਸਟ ਨੂੰ ਬੁਲਾਇਆ ਗਿਆ ਜਿਸ ਨੇ ਉਸ ਦੀ ਬਲੱਡ ਪ੍ਰੈਸ਼ਰ ਆਦਿ ਚੈੱਕ ਕੀਤਾ ਜੋ ਠੀਕ ਪਾਇਆ ਗਿਆ ਅਤੇ ਉਕਤ ਨੌਜਵਾਨ ਨੇ ਅੱਖਾਂ ਵੀ ਖੋਲ੍ਹ ਲਈਆਂ ।

ਇਸ 'ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦਾ ਚੈੱਕਅੱਪ ਕਰਕੇ ਉਸ ਨੂੰ ਫਰੀਦਕੋਟ ਦੇ ਇੱਕ ਹਸਪਤਾਲ ਵਿੱਚ ਭੇਜ ਦਿੱਤਾ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਨੌਜਵਾਨ ਲੜਕਾ ਗੁਰਤੇਜ ਸਿੰਘ ਮਾਂ-ਬਾਪ ਦੀ ਇਕਲੌਤੀ ਸੰਤਾਨ ਸੀ। ਇਹ ਖ਼ਬਰ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਰੋਦੇਂ ਕੁਰਲਾਉਂਦੇ ਮਾਂ-ਬਾਪ, ਰਿਸ਼ਤੇਦਾਰਾਂ ਦੇ ਗ਼ਮਗੀਨ ਚਿਹਰਿਆਂ 'ਤੇ ਇੱਕ ਵਾਰ ਆਸ ਦੀ ਚਮਕ ਦਿਖਾਈ ਦੇਣ ਲੱਗੀ ਅਤੇ ਹਰ ਕੋਈ ਉਸ ਦੀ ਤੰਦਰੁਸਤੀ ਦੀ ਲਈ ਅਰਦਾਸਾਂ ਕਰਨ ਲੱਗਾ। ਪੀਜੀਆਈ ਦੇ ਡਾਕਟਰਾਂ ਵੱਲੋਂ ਇਸ ਨੌਜਵਾਨ ਦਾ ਇਲਾਜ ਕਰਨ ਲਈ ਕਿਵੇਂ ਅਤੇ ਕਿਉਂ ਇਨਕਾਰ ਕੀਤਾ ਗਿਆ, ਇਹ ਗੱਲ ਵੀ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Posted By: Amita Verma