ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸ਼ੈਲਰ ’ਚੋਂ ਡੇਢ ਲੱਖ ਦੇ ਚੌਲ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਥਾਣਾ ਧਨੌਲਾ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਭਾਰਤ ਭੂਸ਼ਣ ਵਾਸੀ ਧਨੌਲਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 13/14 ਮਈ ਦੀ ਦਰਮਿਆਨੀ ਰਾਤ ਨੂੰ ਉਸਦੇ ਸ਼ੈਲਰ ਦੀ ਪਿਛਲੀ ਕੰਧ ’ਚ ਪਾੜ ਲਾਕੇ ਅਣਪਛਾਤੇ ਚੋਰ 120 ਗੱਟੇ ਚੌਲ ਚੋਰੀ ਕਰਕੇ ਲੈ ਗਏ ਹਨ। ਉਸਨੇ ਦੱਸਿਆ ਕਿ ਹਰੇਕ ਗੱਟੇ ’ਚ 50 ਕਿਲੋ ਚੌਲ ਸੀ, ਜਿਸਦੀ ਕੁਲ ਮਲਕੀਤੀ 1 ਲੱਖ 50 ਹਜ਼ਾਰ ਰੁਪਏ ਬਣਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਵੱਟ ਦੇ ਰੌਲੇ ਦੀ ਰੰਜਿਸ਼ ਕਾਰਨ ਕੁੱਟਮਾਰ, ਮਾਮਲਾ ਦਰਜ

ਵੱਟ ਦੇ ਰੌਲੇ ਦੀ ਰੰਜਿਸ਼ ਦੇ ਚਲਦਿਆਂ ਵਿਅਕਤੀ ਦੀ ਕੁੱਟਮਾਰ ਕਰਨ ’ਤੇ ਪੁਲਿਸ ਨੇ ਇਕ ਨਾਮਜਦ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਪੱਖੋਂ ਕੈਂਚਿਆਂ ਦੇ ਸਹਾਇਕ ਥਾਣੇਦਾਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਪਾਲ ਸਿੰਘ ਵਾਸੀ ਚੀਮਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 12 ਮਈ ਨੂੰ ਉਹ ਬਖ਼ਤਗੜ੍ਹ ਵਾਲੇ ਰੋਡ ’ਤੇ ਖੇਤ ਨੂੰ ਪਾਣੀ ਲਗਾ ਰਿਹਾ ਸੀ ਤਾਂ ਕਰੀਬ ਸਾਢੇ ਪੰਜ ਵਜੇ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਵਿਅਕਤੀ ਉਸਨੂੰ ਪਿੰਡ ਦਾ ਰਾਸਤਾ ਪੁੱਛਣ ਆਏ। ਜਦੋਂ ਉਹ ਰਾਸਤਾ ਦੱਸਣ ਲੱਗਿਆ ਤਾਂ ਉਨ੍ਹਾਂ ਲੋਹੇ ਦੀ ਰਾਡ ਨਾਲ ਉਸਦੀ ਕੁੱਟਮਾਰ ਕੀਤੀ ਤੇ ਫ਼ਰਾਰ ਹੋ ਗਏ। ਸੁਖਪਾਲ ਸਿੰਘ ਨੇ ਦੱਸਿਆ ਕਿ ਉੁਸਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਬਘੇਰ ਸਿੰਘ ਵਾਸੀ ਚੀਮਾ ਦੇ ਕਹਿਣ ’ਤੇ ਉਸਦੀ ਕੁੱਟਮਾਰ ਕੀਤੀ। ਕਿਉਂਕਿ ਕਰੀਬ 1 ਸਾਲ ਪਹਿਲਾਂ ਬਘੇਰ ਸਿੰਘ ਨਾਲ ਵੱਟ ਦੀ ਨਿਸ਼ਾਨਦੇਹੀ ਸਬੰਧੀ ਝਗੜਾ ਹੋਇਆ ਸੀ ਜਿਸ ਕਾਰਨ ਉਹ ਉਸ ਨਾਲ ਰੰਜਿਸ਼ ਰੱਖਦਾ ਆ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਖੁਦਕੁਸ਼ੀ ਦੇ ਮਾਮਲੇ ’ਚ ਇਕ ’ਤੇ ਪਰਚਾ

ਵਿਅਕਤੀ ਵਲੋਂ ਜ਼ਹਿਰੀਲੀ ਚੀਜ਼ ਨਿਗਲਕੇ ਖ਼ੁਦਕੁਸ਼ੀ ਕਰਨ ’ਤੇ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਥਾਣਾ ਟੱਲੇਵਾਲ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਹਾਇਕ ਰਣ ਸਿੰਘ ਨੇ ਦੱਸਿਆ ਕਿ ਜਗਰਾਜ ਸਿੰਘ ਵਾਸੀ ਰਾਮਗੜ੍ਹ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 17 ਅਪ੍ਰੈਲ ਨੂੰ ਉਸਦੇ ਭਰਾ ਭੋਲਾ ਸਿੰਘ ਦੇ ਦੋ ਲੜਕਿਆਂ ਅਮਰਿੰਦਰ ਸਿੰਘ ਤੇ ਜਸਵੀਰ ਸਿੰਘ ਤੇ ਬਲਵੰਤ ਸਿੰਘ ਵਾਸੀ ਰਾਮਗੜ੍ਹ ਦਾ ਪਿੰਡ ਦੇ ਸਤਨਾਮ ਸਿੰਘ ਸੱਤੂ ਨਾਲ ਜਮੀਨ ਸਬੰਧੀ ਝਗੜਾ ਹੋਇਆ ਸੀ। ਜਿਸ ਕਾਰਨ ਉਸਦੇ ਭਤੀਜਿਆਂ ਖ਼ਿਲਾਫ ਥਾਣਾ ਟੱਲੇਵਾਲ ’ਚ ਮਾਮਲਾ ਦਰਜ ਹੋਇਆ ਸੀ। ਜਿਸ ਕਰਕੇ ਮੌਜੂਦਾ ਸਰਪੰਚ ਰਾਜਵਿੰਦਰ ਸਿੰਘ ਉਰਫ਼ ਰਾਜਾ ਫੋਨ ’ਤੇ ਭੋਲਾ ਸਿੰਘ ਨੂੰ ਧਮਕੀਆਂ ਦਿੰਦਾ ਸੀ ਕਿ ਉਹ ਉਸਦੇ ਮੁੰਡਿਆਂ ਦੀ ਜ਼ਮਾਨਤ ਨਹੀ ਹੋਣ ਦੇਵੇਗਾ ਤੇ ਜੇਕਰ ਜ਼ਮਾਨਤ ਹੋ ਗਈ ਤਾਂ ਵੀ ਉਨ੍ਹਾਂ ਦੀਆਂ ਲੱਤਾਂ ਤੋੜ ਦੇਵੇਗਾ। ਜਿਸ ਕਾਰਨ ਭੋਲਾ ਸਿੰਘ ਨੇ 13 ਮਈ ਨੂੰ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਰਾਜਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਰਫਿਊਂ ਦੀ ਉਲੰਘਣਾ ਕਰਨ ਵਾਲੇ 3 ਕਾਬੂ

ਪੁਲਿਸ ਨੇ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫੂਲਕਾ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਪਹਿਲੇ ਮਾਮਲੇ ’ਚ ਥਾਣਾ ਟੱਲੇਵਾਲ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਬੱਸ ਅੱਡਾ ਭੋਤਨਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਠੇਕਾ ਸ਼ਰਾਬ ਦੇਸੀ ’ਚ ਰਾਜੇਸ਼ ਕੁਮਾਰ ਵਾਸੀ ਦੇਵਰਥਾ (ਯੂ.ਪੀ) ਸ਼ਰੇਆਮ ਠੇਕਾ ਖੋਲ੍ਹ ਕੇ ਸ਼ਰਾਬ ਵੇਚਕੇ ਕੋਵਿਡ-19 ਸਬੰਧੀ ਪੰਜਾਬ ਸਰਕਾਰ ਤੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ। ਪਲਿਸ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਰਾਜੇਸ਼ ਕੁਮਾਰ ੳਕਤ ਨੂੰ ਗਿ੍ਰਫ਼ਤਾਰ ਕੀਤਾ। ਦੂਜੇ ਮਾਮਲੇ ’ਚ ਥਾਣਾ ਠੁੱਲੀਵਾਲ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਵਜੀਦਕੇ ਕਲਾਂ ਨਜਦੀਕ ਰਾਕੇਸ਼ ਕੁਮਾਰ ਵਾਸੀ ਪ੍ਰੇਮ ਨਗਰ, ਬਰਨਾਲਾ ਨੂੰ ਕਰਫਿਊ ਦੌਰਾਨ ਅਹਾਤਾ ਖੋਲ੍ਹਕੇ ਸਮਾਨ ਵੇਚਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ। ਇਸੇ ਤਰ੍ਹਾਂ ਤੀਸਰੇ ਮਾਮਲੇ ’ਚ ਥਾਣਾ ਠੁੱਲੀਵਾਲ ਦੇ ਹੀ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਵਜੀਦਕੇ ਕਲਾਂ ਦੇ ਠੇਕੇ ਦੇ ਕਰਿੰਦੇ ਤਰਲੋਚਨ ਸਿੰਘ ਵਾਸੀ ਹੇੜੀਕੇ ਨੂੰ ਕਰਫਿਊ ਦੌਰਾਨ ਸ਼ਰਾਬ ਵੇਚਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕਰਦਿਆਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੈਰੋਲ ’ਤੇ ਗਿਆ ਕੈਦੀ ਨਹੀਂ ਪਰਤਿਆ, ਮਾਮਲਾ ਦਰਜ

ਪੈਰੋਲ ’ਤੇ ਆਏ ਕੈਦੀ ਦੇ ਤੈਅ ਸਮੇਂ ’ਤੇ ਜੇਲ੍ਹ ਵਾਪਸ ਨਾ ਪਰਤਣ ’ਤੇ ਪੁਲਿਸ ਨੇ ਥਾਣਾ ਸਿਟੀ ਬਰਨਾਲਾ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਬਠਿੰਡਾ ਦੇ ਸੁਪਰਡੈਂਟ ਵਲੋਂ ਇਕ ਪੱਤਰ ਪ੍ਰਾਪਤ ਹੋਇਆ ਕਿ ਕੈਦੀ ਨਰਿੰਦਰ ਕੁਮਾਰ, ਨੇੜੇ ਮਾਰਕੀਟ ਕਮੇਟੀ, ਬਰਨਾਲਾ 10 ਸਾਲ ਦੀ ਸਜ਼ਾ ਕੱਟ ਰਿਹਾ ਸੀ, ਜਿਸਨੂੰ ਬੀਤੀ 20 ਅਪ੍ਰੈਲ 2020 ਨੂੰ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ। ਉਸਨੇ 28 ਅਪ੍ਰੈਲ 2021 ਨੂੰ ਜੇਲ੍ਹ ਵਾਪਸ ਆਉਣਾ ਸੀ, ਪਰ ਉਹ ਜੇਲ੍ਹ ’ਚ ਹਾਜ਼ਰ ਨਹੀ ਹੋਇਆ। ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਹੈ।

Posted By: Seema Anand