ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਸੱਤਾ ’ਚ ਮੰਡੀ ਬੋਰਡ ਦੇ ਚੇਅਰਮੈਨ ਰਹੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਕੌਮੀ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਰਿਸ਼ਤੇ ’ਚ ਦੂਰੀ ਵਧ ਗਈ ਹੈ।

ਲੱਖੋਵਾਲ ਕਿਸਾਨਾਂ ਦਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਭਰੋਸਾ ਟੁੱਟ ਚੁੱਕਿਆ ਹੈ ਜਿਸ ਦੀ ਸ਼ੁਰੂਆਤ ਜ਼ਿਲ੍ਹਾ ਬਰਨਾਲਾ ਦੇ ਲੱਖੋਵਾਲ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ, ਜ਼ਿਲ੍ਹਾ ਪ੍ਰਧਾਨ, ਤਿੰਨ ਬਲਾਕ ਪ੍ਰਧਾਨ ਤੇ ਸੱਤ ਸਰਕਲ ਪ੍ਰਧਾਨਾਂ ਨੇ ਇਕ ਹੰਗਾਮੀ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਿਲਾਫ਼ ਮੋਰਚਾ ਖੋਲ੍ਹਦਿਆਂ ਜਿੱਥੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ’ਚੋਂ ਮੰਤਰੀ ਪਦ ਤਿਆਗ ਦੇਣ ਦੀ ਮੰਗ ਕੀਤੀ ਉੱਥੇ ਹੀ ਸੁਖਬੀਰ ਬਾਦਲ ਨੂੰ ਕਿਸਾਨ ਵਿਰੋਧੀ ਚਿਹਰਾ ਦੱਸਿਆ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੀ ਗੂੜੀ ਯਾਰੀ ਕਿਸ ਸਿਆਸੀ ਬਹਿਣ ’ਚ ਰੁੜੀ ਭਾਵੇਂ ਇਸ ਬਾਰੇ ਤਾਂ ਕੁੱਝ ਕਹਿਣਾ ਨਾ ਮੁਮਕਿਨ ਹੈ ਪਰ ਮੌਜੂਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਅਜਮੇਰ ਸਿੰਘ ਲੱਖੋਵਾਲ ਦੀ ਸਿਆਸੀ ਇਕ-ਮਿੱਕ ਤੋਂ ਉੱਠੀਆਂ ਬਗਾਵਤੀ ਸੁਰਾਂ ਸ਼੍ਰੋਮਣੀ ਅਕਾਲੀ ਦਲ ਲਈ ਸ਼ੁਭ ਸੰਕੇਤ ਨਹੀਂ ਹਨ। ਭਾਵੇਂ ਕਿ ਇਹ ਬਾਦਲ ਖਿਲਾਫ਼ੀ ਬਗਾਵਤੀ ਸੁਰਾਂ ਜ਼ਿਲ੍ਹਾ ਬਰਨਾਲਾ ’ਚੋਂ ਉੱਠੀਆਂ ਹਨ ਪਰ ਇਨ੍ਹਾਂ ਨੂੰ ਜਲਦੀ ਹੀ ਪੰਜਾਬ ਪੱਧਰ ’ਤੇ ਲਾਂਬੂ ਲਗਾਉਣ ਲਈ 10 ਜੁਲਾਈ ਨੂੰ ਲੁਧਿਆਣਾ ਵਿਖੇ ਸੂਬਾ ਕਮੇਟੀ ਦੇ ਮੈਂਬਰ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਇਕ ਹੰਗਾਮੀ ਮੀਟਿੰਗ ਅਜਮੇਰ ਸਿੰਘ ਲੱਖੋਵਾਲ ਨੇ ਬੁਲਾਈ ਹੈ ਜਿਸ ’ਚ ਸੂਬਾ ਪੱਧਰ ਦੇ ਬਾਦਲਾਂ ਖਿਲਾਫ਼ ਮੋਰਚਾ ਖੋਲ੍ਹਦਿਆਂ ਕਿਸਾਨ ਵਿਰੋਧੀ ਚਿਹਰੇ ਦੇ ਪ੍ਰਚਾਰ ’ਚ ਲੱਖੋਵਾਲ ਕਿਸਾਨ ਯੂਨੀਅਨ ਦੇ ਆਗੂ ਤੇ ਵਰਕਰ ਕੁੱਦਣਗੇ।

ਕੇਂਦਰ ਸਰਕਾਰ ਵਲੋਂ ਖੇਤੀ ਉਦਯੋਗ ’ਤੇ ਬਣੇ ਆਰਡੀਨੈਂਸ ’ਤੇ ਸੁਖਬੀਰ ਬਾਦਲ ਦੀ ਹਾਮੀ ’ਤੇ ਲੱਖੋਵਾਲ ਕਿਸਾਨ ਵੀ ਸਿਆਸਤ ਕਰਦੇ ਅਕਾਲੀ ਦਲ ਨੂੰ ਖੋਰਾ ਲਗਾਉਣ ਦੀ ਤਾਂਘ ’ਚ ਹਨ। ਦੇਖਣਾ ਇਹ ਹੋਵੇਗਾ ਕਿ ਅਕਾਲੀਆਂ ਖਿਲਾਫ਼ ਲੱਖੋਵਾਲ ਕਿਸਾਨਾਂ ਦਾ ਗੁੱਸਾ ਪੰਜਾਬ ਪੱਧਰ ’ਤੇ ਧਰਨੇ, ਰੋਸ ਮੁਜ਼ਾਹਰਿਆਂ ’ਚ ਤਬਦੀਲ ਹੁੰਦਾ ਹੈ ਜਾਂ ਫ਼ਿਰ ਵੱਡੇ ਬਾਦਲ ਪਰਕਾਸ਼ ਸਿੰਘ ਬਾਦਲ ਦੀ ਸਿਆਣਪ ਬੰਦ ਕਮਰਾ ਮੀਟਿੰਗ ਕਰਕੇ ਇਸ ਨੂੰ ਠੱਲ੍ਹਣ ’ਚ ਸਹਾਈ ਹੁੰਦੀ ਹੈ, ਇਹ ਅਗਾਮੀ ਦਿਨਾਂ ਦਾ ਸਿਆਸੀ ਪ੍ਰੋਪੋਕੰਡਾ ਰਹੇਗਾ।

Posted By: Jagjit Singh