ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਆਮ ਆਦਮੀ ਪਾਰਟੀ ਦੀ ਦਿੱਲੀ ਅਤੇ ਪੰਜਾਬ ਵਿੱਚ ਕੱਟੜ ਇਮਾਨਦਾਰ ਸਰਕਾਰ ਹੈ। ਇਹ ਸ਼ਬਦ ਪ੍ਰਸਿੱਧ ਗਾਇਕ ਤੇ ਅਦਾਕਾਰ, ਹਲਕਾ ਰਾਮਪੁਰਾ ਫੂਲ ਤੋਂ ਆਪ ਦੇ ਵਿਧਾਇਕ ਬਲਕਾਰ ਸਿੱਧੂ ਨੇ 'ਪੰਜਾਬੀ ਜਾਗਰਣ' ਨਾਲ ਸਾਂਝੇ ਕਰਦਿਆਂ ਦੱਸਿਆ ਕਿ ਜਿਸ ਤਰ੍ਹਾਂ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ 2015 ਵਿੱਚ ਇਕ ਇਤਿਹਾਸਕ ਫੈਸਲਾ ਲੈਂਦਿਆਂ ਆਪਣੇ ਕੈਬਿਨਟ ਮੰਤਰੀ ਨੂੰ ਦਿੱਲੀ ਸਰਕਾਰ 'ਚੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬਰਖਾਸਤ ਕੀਤਾ ਸੀ, ਉਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸਿਹਤ ਮੰਤਰੀ ਨੂੰ ਭ੍ਰਿਸ਼ਟਾਚਾਰ ਤਹਿਤ ਬਰਖਾਸਤ ਕਰਦਿਆਂ ਐਂਟੀ ਕੁਰੱਪਸ਼ਨ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ।

ਗਾਇਕ ਤੇ ਵਿਧਾਇਕ ਬਲਕਾਰ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਤੇ ਪੂਰਨ ਵਿਸ਼ਵਾਸ ਕਰਦਿਆਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸਿਰਜਣ ਦੇ ਲਏ ਸੁਪਨੇ ਤਹਿਤ ਬੱਨਵੇ ਵਿਧਾਇਕ ਚੁਣ ਕੇ ਭਾਰੀ ਬਹੁਮਤ ਤਹਿਤ ਸਰਕਾਰ ਨੂੰ ਚੁਣਿਆ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਪੰਜਾਬ ਦੇ ਲੋਕਾਂ ਵੱਲੋਂ ਲਏ ਸੁਪਨੇ ਤਹਿਤ ਹੀ ਰੰਗਲਾ ਪੰਜਾਬ ਸਿਰਜਿਆ ਜਾਵੇਗਾ।

ਬਲਕਾਰ ਸਿੱਧੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਸਰਕਾਰ ਵਿੱਚ ਮੰਤਰੀ ਜਾਂ ਵਿਧਾਇਕ ਤੋਂ ਇਲਾਵਾ ਹੋਰ ਵਿਭਾਗਾਂ ਵਿਚ ਚੁਣੇ ਗਏ ਨੁਮਾਇੰਦਿਆਂ ਸਣੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰਾਂ ਵੱਲੋਂ ਇੱਕ ਰੁਪਏ ਦੀ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਆਪਣੇ ਹਲਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਦੋ ਕੈਬਨਿਟ ਮੰਤਰੀਆਂ 'ਤੇ ਭਰੋਸਾ ਨਾ ਕਰਕੇ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਹੈ, ਮੈਂ ਵੀ ਹਲਕੇ ਪ੍ਰਤੀ ਹਮੇਸ਼ਾ ਵਚਨਬੱਧ ਤੇ ਵਿਕਾਸ ਦੀਆਂ ਲੀਹਾਂ ਤੇ ਲਿਜਾਣ ਲਈ ਤੱਤਪਰ 'ਤੇ ਯਤਨਸ਼ੀਲ ਰਹਾਂਗਾ। ਇਸ ਮੌਕੇ ਗਾਇਕ ਤੇ ਵਿਧਾਇਕ ਬਲਕਾਰ ਸਿੱਧੂ ਦੇ ਪਰਿਵਾਰ ਸਣੇ ਪ੍ਰਸਿੱਧ ਸੰਗੀਤਕਾਰ ਪਾਲ ਸਿੱਧੂ ਮਿਊਜ਼ਿਕ ਅੰਪਾਇਰ, ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਯਾਦੂ ਭੁੱਲਰ, ਜੀ ਮਾੱਲ ਸਿਨੇਮਾ ਦੇ ਮਾਲਕ ਅਕਸ਼ਿਤ ਗਰਗ ਤੇ ਅਨੁਭਵ ਗਰਗ,ਸੋਨੀਆ ਗਰਗ, ਸੰਜੂ ਗੁਪਤਾ, ਜਨਰਲ ਮੈਨੇਜਰ ਨਵੀਨ ਭਾਰਦਵਾਜ , ਡਿਪਟੀ ਮੈਨੇਜਰ ਮਲਕੀਅਤ ਸਿੰਘ, ਜੱਸ ਭੁੱਲਰ ਤੇ ਜੀਵਨ ਨਿਊਜੀਲੈਂਡ ਆਦਿ ਹਾਜ਼ਰ ਸਨ।

Posted By: Seema Anand