ਤੁਸ਼ਾਰ ਸ਼ਰਮਾ, ਬਰਨਾਲਾ

ਪੀਓ ਸਟਾਫ਼ ਵਲੋਂ ਕਤਲ ਦੇ ਮਾਮਲੇ 'ਚ ਭਗੌੜਾ ਚੱਲ ਰਹੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ ਸਟਾਫ਼ ਦੇ ਇੰਚਾਰਜ਼ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਲ 2020 'ਚ ਅਰਸ਼ਦੀਪ ਸਿੰਘ ਉਰਫ਼ ਅਰਸ਼ ਉਰਫ਼ ਕੁਲਦੀਪ ਸਿੰਘ ਉਰਫ਼ ਗਿੱਪੀ ਪੁੱਤਰ ਰਣਜੀਤ ਸਿੰਘ ਵਾਸੀ ਬਰਨਾਲਾ ਨੇ ਆਪਣੇ ਸਾਥੀਆਂ ਗੁਲਾਬ ਸਿੰਘ, ਹਰਜਿੰਦਰ ਸਿੰਘ ਉਰਫ਼ ਕਮਲ, ਯੁੱਧਵੀਰ ਸਿੰਘ ਉਰਫ਼ ਛੋਟਾ ਢੋਲੀ, ਲਖਵਿੰਦਰ ਸਿੰਘ ਉਰਫ਼ ਫ਼ੌਜੀ ਤੇ ਡਿੰਪਲ ਸਿੰਘ ਉਰਫ਼ ਡੇਵੀ ਨਾਲ ਸਲਾਹ ਮਸ਼ਵਰਾ ਕਰ ਕਿਰਪਾਨਾਂ, ਬੇਸਬਾਲ ਤੇ ਡਾਂਗਾਂ ਆਦਿ ਨਾਲ ਮਲਕੀਤ ਸਿੰਘ ਉਰਫ਼ ਕਾਲਾ ਪੁੱਤਰ ਗੁਰਦੇਵਸਿੰਘ ਵਾਸੀ ਗੁਰੂ ਨਾਨਕ ਨਗਰ, ਬਰਨਾਲਾ ਦਾ ਕਤਲ ਕਰ ਦਿੱਤਾ ਸੀ। ਜਿਸ 'ਤੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ। ਕੇਸ 'ਚ ਨਾਮਜ਼ਦ ਮੁਲਜ਼ਮ ਤਾਂ ਵੱਖ-ਵੱਖ ਤਰੀਕਾਂ ਨੂੰ ਗਿ੍ਫ਼ਤਾਰ ਕਰ ਲਏ ਗਏ, ਪਰ ਅਰਸ਼ਦੀਪ ਸਿੰਘ ਉਕਤ ਆਪਣੀ ਗਿ੍ਫ਼ਤਾਰੀ ਤੋਂ ਬੱਚਦਾ ਆ ਰਿਹਾ ਸੀ। ਜਿਸਨੂੰ ਮਾਨਯੋਗ ਸੁਚੇਤਾ ਅਸ਼ੀਸ਼ ਦੇਵ ਦੀ ਅਦਾਲਤ ਵਲੋਂ 5 ਅਪ੍ਰਰੈਲ 2022 ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ। ਜਿਸਨੂੰ ਪੀ.ਓ ਸਟਾਫ਼ ਵਲੋਂ ਬੀਤੀ 13 ਅਗਸਤ ਨੂੰ ਮੁਖਬਰੀ ਦੇ ਆਧਾਰ 'ਤੇ ਭੁੱਚੋ ਆਊਟਲੈਟ ਨੇੜਿਓਂ ਗਿ੍ਫ਼ਤਾਰ ਕਰਦਿਆਂ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਉਸਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਇਸ ਮੌਕੇ ਐਸਆਈ ਬਲਵਿੰਦਰ ਸਿੰਘ, ਏਐਸਆਈ ਨੈਬ ਸਿੰਘ, ਹਰਦੀਪ ਸਿੰਘ, ਰਮਨਦੀਪ ਕੌਰ, ਏਐੱਸਆਈ ਰਣ ਸਿੰਘ ਆਦਿ ਵੀ ਹਾਜ਼ਰ ਸਨ।