ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸੋਮਵਾਰ ਦੇਰ ਸ਼ਾਮ ਪਏ ਤੇਜ਼ ਮੀਂਹ ਨਾਲ ਜਿੱਥੇ ਤਾਪਮਾਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਉੱਥੇ ਹੀ ਤੇਜ ਹਨੇਰੀ ਤੇ ਮੀਂਹ ਨਾਲ ਜਨ ਜੀਵਨ ਪੂਰੀ ਤਰਾਂ੍ਹ ਪ੍ਰਭਾਵਿਤ ਰਿਹਾ। ਤੇਜ਼ ਹਨੇਰੀ ਨੇ ਜਿੱਥੇ ਦੁਕਾਨਾਂ ਦੇ ਫ਼ਲੈਕਸ ਬੋਰਡ ਸਮੇਤ ਆਂ ਕਿਨਾਰੇ ਖੜ੍ਹੇ ਦਰੱਖਤਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਰਾਏਕੋਟ ਰੋਡ 'ਤੇ ਸਥਿਤ ਕੈਸਲ ਪੈਲੇਸ ਦੀ ਬੈਕਸਾਈਡ ਬਿਜਲੀ ਦਾ ਇਕ 66 ਕੇ.ਵੀ ਦਾ ਵੱਡਾ ਟਾਵਰ ਡਿੱਗ ਗਿਆ। ਜਿਸ ਨਾਲ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਇਲਾਕੇ ਦੇ ਕਈ ਘਰਾਂ ਦਾ ਬਿਜਲੀ ਦਾ ਸਮਾਨ ਸੜ੍ਹ ਗਿਆ ਤੇ ਪੂਰੀ ਰਾਤ ਬਿਜਲੀ ਸਪਲਾਈ ਬੰਦ ਰਹੀ।

- ਖ਼ਸਤਾ ਹਾਲਤ 'ਚ ਸੀ ਬਿਜਲੀ ਦਾ ਟਾਵਰ, ਕਈ ਵਾਰ ਕਰ ਚੁੱਕੇ ਸੀ ਵਿਭਾਗ ਨੂੰ ਸੂਚਿਤ : ਵਿੱਕੀ ਧਾਲੀਵਾਲ

ਰਾਏਕੋਟ ਰੋਡ ਵਾਸੀ ਵਿੱਕੀ ਧਾਲੀਵਾਲ ਨੇ ਦੱਸਿਆ ਕਿ ਬਿਜਲੀ ਟਾਵਰ ਜੜ੍ਹੋਂ ਗਲਿਆ ਹੋਇਆ ਸੀ। ਇਸ ਸਬੰਧੀ ਪਾਵਰਕਾਮ ਵਿਭਾਗ ਨੂੰ ਕਈ ਵਾਰ ਸੂਚਿਤ ਵੀ ਕੀਤਾ ਗਿਆ ਸੀ ਪਰ 1-2 ਵਾਰ ਪਾਵਰਕਾਮ ਅਧਿਕਾਰੀ ਫੋਟੋ ਖਿੱਚਕੇ ਲੈ ਗਏ ਪਰ ਇਸਨੂੰ ਠੀਕ ਕਰਨ ਜਾਂ ਬਦਲਣ ਸਬੰਧੀ ਕੋਈ ਗੌਰ ਨਹੀਂ ਕੀਤੀ।

---------

- 24 ਘੰਟਿਆਂ ਦੇ ਕਰੀਬ ਬਿਜਲੀ ਰਹੀ ਬੰਦ

ਵਿੱਕੀ ਧਾਲੀਵਾਲ ਨੇ ਦੱਸਿਆ ਕਿ ਜਿੱਥੇ ਗਰਮੀ ਦਾ ਪ੍ਰਕੋਪ ਜਾਰੀ ਹੈ, ਉੱਥੇ ਹੀ ਟਾਵਰ ਡਿੱਗਣ ਨਾਲ ਆਲੇ-ਦੁਆਲੇ ਦੇ ਪੂਰੇ ਇਲਾਕੇ ਦੀ ਬਿਜਲੀ ਦੀ ਸਪਲਾਈ ਬੰਦ ਹੋ ਗਈ। ਉਨ੍ਹਾਂ ਦੇ ਘਰਾਂ ਦੀ ਬਿਜਲੀ ਦੀ ਸਪਲਾਈ 24 ਘੰਟੇ ਤੋਂ ਵੱਧ ਸਮੇਂ ਲਈ ਬੰਦ ਪਈ ਹੈ। ਵਿੱਕੀ ਧਾਲੀਵਾਲ ਨੇ ਕਿਹਾ ਕਿ 'ਜਾਕੋ ਰਾਖੇ ਸਾਇਆਂ, ਮਾਰ ਸਕੇ ਨਾ ਕੋਈ' ਕਹਾਵਤ ਉਸ ਸਮੇਂ ਸੱਚ ਹੋ ਗਈ, ਜਦੋਂ ਬਿਜਲੀ ਦਾ ਟਾਵਰ ਡਿੱਗਣ ਤੋਂ ਮਹਿਜ਼ 5 ਮਿੰਟ ਪਹਿਲਾਂ ਹੀ ਉਸਦਾ ਭਰਾ ਤਾਰਾਂ ਦੇ ਹੇਠਾਂ ਤੋਂ ਲੰਘਕੇ ਘਰ ਅੰਦਰ ਦਾਖ਼ਲ ਹੋਇਆ ਸੀ। ਉਸਨੇ ਪਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ੁਕਰ ਹੈ, ਉਸਦਾ ਭਰਾ ਬੱਚ ਗਿਆ।