ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਜ਼ਿਲ੍ਹਾ ਬਰਨਾਲਾ ਦੀ ਪੁਲਿਸ ਵਲੋਂ ਤਪਾ ਸਬ ਡਵੀਜਨ ਅਧੀਨ ਪੈਂਦੇ ਇਲਾਕੇ ਅੰਦਰੋ ਨਸ਼ੇ ਦੀ ਸਪਲਾਈ ਦੀ ਲੜੀ ਤੋੜਣ ਦੇ ਨਾਲੋ-ਨਾਲ ਕਰੋੜਾਂ ਰੁਪੈ ਦੀ ਹੈਰੋਇਨ, ਲੱਖਾਂ ਰੁਪੈ ਦਾ ਖੇਤੀ ਮੋਟਰਾਂ ਦੇ ਟਰਾਂਸਫਾਰਮਰਾਂ ਤੋ ਚੋਰੀ ਕੀਤਾ ਤਾਂਬਾ, ਲੁੱਟ-ਖੋਹ ਨੂੰ ਅੰਜਾਮ ਦੇ ਕੇ ਮੋਬਾਈਲ ਖੋਹਣ ਵਾਲੇ, ਹਜ਼ਾਰਾਂ ਦੀ ਗਿਣਤੀ ’ਚ ਨਸ਼ੇ ਵਾਲੀਆ ਗੋਲ਼ੀਆਂ, ਭੁੱਕੀ, ਪਿਸਤੌਲ ਤੇ ਮਾਰੂ ਹਥਿਆਰਾਂ ਸਣੇ 23 ਨੌਜਵਾਨਾਂ ਤੇ ਤਿੰਨ ਔਰਤਾਂ ਨੂੰ ਕਾਬੂ ਕੀਤਾ ਗਿਆ।

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਪਿਛਲੇ ਲੰਬੇ ਸਮੇਂ ਤੋ ਬਾਜ਼ ਅੱਖ ਰੱਖੀ ਹੋਈ ਸੀ, ਜਿਸ ਦੇ ਤਹਿਤ ਪੁਲਿਸ ਦੇ ਹੱਥ ਵੱਖੋ-ਵੱਖਰੇ ਮਾਮਲਿਆਂ ’ਚੋਂ 23 ਨੌਜਵਾਨਾਂ ਸਮੇਤ 3 ਔਰਤਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ’ਚੋਂ ਸਭ ਤੋ ਵੱਧ ਗਿਣਤੀ ਪਿੰਡ ਢਿੱਲਵਾਂ ਥਾਣਾ ਤਪਾ ਦੇ ਨੌਜ਼ਵਾਨਾਂ ਦੀ ਹੈ। ਉਨ੍ਹਾਂ ਦੱਸਿਆ ਕਿ ਤਪਾ ਵਿਖੇ ਥਾਣੇਦਾਰ ਅੰਮਿ੍ਤ ਸਿੰਘ ਦੇ ਹੱਥ ਕੁਝ ਨੌਜਵਾਨ ਚੜ੍ਹੇ ਜੋ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਕਥਿਤ ਤੌਰ ’ਤੇ ਨਸ਼ੇ ਦੀ ਭੈੜੀ ਦਲਦਲ ’ਚ ਵੀ ਧਸੇ ਹੋਏ ਸਨ। ਕਾਰ ਸਵਾਰ ਇਨ੍ਹਾਂ ਨੌਜਵਾਨਾਂ ਕੋਲੋ ਪੁਲਿਸ ਨੇ ਇਕ ਕਾਰ, ਦੋ ਮੋਟਰਸਾਈਕਲ, ਦੇਸੀ ਪਿਸਤੌਲ, ਦੋ ਜਿੰਦਾਂ ਕਾਰਸੂਤ, ਇਕ ਖੋਲ ਕਾਰਤੂਸ, ਬੇਸਬਾਲ, ਕਿਰਪਾਨ, ਦਾਹ, ਪੰਜ ਮੋਬਾਈਲ ਫੋਨ ਤੇ ਚਾਰ ਕੁਇੰਟਲ ਤਾਂਬਾ ਬਰਾਮਦ ਕੀਤਾ। ਜਿਨ੍ਹਾਂ ਦੀ ਪਛਾਣ ਜਸਵੰਤ ਸਿੰਘ ਉਰਫ ਬੱਬੂ , ਕੁਲਵੰਤ ਸਿੰਘ ਕੰਤੀ, ਗੁਰਜੀਵਨ ਸਿੰਘ ਜੀਵਾ, ਸੁਖਜਿੰਦਰ ਸਿੰਘ ਸੁੱਖੀ, ਬੂਟਾ ਸਿੰਘ, ਹਰਮੇਲ ਸਿੰਘ ਮੇਲੂ ਤੇ ਹਰਵਿੰਦਰ ਸਿੰਘ ਫੋਜੀ ਵਾਸੀਅਨ ਢਿੱਲਵਾਂ ਵਜੋ ਹੋਈ ਹੈ। ਉਕਤ ਨਾਮਜਦ ਵਿਅਕਤੀਆਂ ਨੇ ਮੰਨਿਆਂ ਕਿ ਉਨ੍ਹਾਂ ਨੇ ਤਪਾ, ਭਦੌੜ, ਰੂੜੇਕੇ ਕਲਾਂ, ਠੁੱਲੀਵਾਲ, ਸਿਟੀ -2 ਬਰਨਾਲਾ ਵਾਲੇ ਇਲਾਕੇ ਦੀ ਹਦੂਦ ਅੰਦਰਲੀਆ ਮੋਟਰਾਂ ਦੇ ਟਰਾਂਸਫਾਰਮਰ ਚੋਰੀ ਕਰਕੇ ਉਨ੍ਹਾਂ ’ਚੋ ਤਾਂਬਾ ਕੱਢਿਆ ਹੈ। ਉਕਤ ਵਿਅਕਤੀ ਚੋਰੀ ਕੀਤੇ ਤਾਂਬੇ ਨੂੰ ਆਪਣੇ ਕਬਜ਼ੇ ਵਾਲੀ ਥਾਂ ਉਪਰ ਦੱਬਦੇ ਸਨ ਤੇ ਹੋਲੀ-ਹੋਲੀ ਕੱਢ ਕੇ ਅਪਣੀ ਨਸ਼ੇਂ ਦੀ ਪੂੁਰਤੀ ਲਈ ਵੇਚਦੇ ਰਹਿੰਦੇ ਸਨ।

ਥਾਣਾ ਰੂੜੇਕੇ ਕਲਾਂ ਦੀ ਪੁਲਿਸ ਵਲੋ 330 ਗ੍ਰਾਮ ਹੈਰੋਇਨ ਸਣੇ ਦੋ ਮੋਟਰਸਾਈਕਲ ਬਰਾਮਦ ਕਰਕੇ ਕਈ ਨੌਜਵਾਨਾਂ ਨੂੰ ਦਬੋਚਣ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ’ਚ ਸੰਦੀਪ ਸਿੰਘ ਦਰੋਗਾ ਸ਼ਹਿਣਾ, ਜਗਸੀਰ ਸਿੰਘ ਜੱਗਾ ਆਵਾ ਬਸਤੀ ਤਪਾ, ਮਨਪ੍ਰੀਤ ਸਿੰਘ ਮਨੀ ਤਪਾ, ਮਲਕੀਤ ਸਿੰਘ ਆਵਾ ਬਸਤੀ ਤਪਾ, ਸੰਦੀਪ ਕੁਮਾਰ ਢਿਲਵਾਂ ਰੋਡ ਤਪਾ ਅਤੇ ਧਰਮ ਸਿੰਘ ਤਪਾ ਨੂੰ ਨਾਮਜਦ ਕੀਤਾ ਗਿਆ ਹੈ, ਜਦਕਿ ਥਾਣਾ ਰੂੜੇਕੇ ਵਿਖੇ ਹੀ ਪੁਲਿਸ ਨੇ ਇਕ ਹੋਰ ਵੱਡੀ ਪ੍ਰਾਪਤੀ ’ਤੇ 17550 ਨਸ਼ੀਲੀਆ ਗੋਲੀਆਂ ਸਣੇ ਮੋਟਰਸਾਈਕਲ ਬਰਾਮਦ ਕੀਤਾ ਹੈ। ਜਿਸ ’ਚ ਗੁਰਦੀਪ ਸਿੰਘ ਢਿਲਵਾਂ, ਪੁਨੀਤ ਕੁਮਾਰ, ਸੰਦੀਪ ਕੁਮਾਰ ਉਰਫ ਵਿੱਕੀ ਵਾਸੀਅਨ ਤਪਾ ਤੇ ਇਕ ਹੋਰ ਨੌਜਵਾਨ ਨੂੰ ਦਬੋਚਿਆ ਹੈ।

ਉਨ੍ਹਾਂ ਦੱਸਿਆ ਕਿ ਸਿਟੀ ਬਰਨਾਲਾ ਦੀ ਪੁਲਿਸ ਵੱਲੋਂ ਪਰਮਜੀਤ ਕੌਰ ਵਾਸੀ ਬਰਨਾਲਾ, ਨੀਨਾ ਰਾਣੀ ਸੰਗਰੂੁਰ ਤੇ ਗੁਰਦੇਵ ਕੌਰ ਬਰਨਾਲਾ ਕੋਲੋ 320 ਗ੍ਰਾਮ ਨਸ਼ੀਲਾ ਪਾਊਡਰ ਤੇ ਥਾਣਾ ਭਦੌੜ ਵਿਖੇ ਦਰਜ ਮਾਮਲੇ ’ਚ ਗੁਰਮੇਲ ਸਿੰਘ ਉਰਫ਼ ਗੇਲੂ ਵਾਸੀ ਭਦੌੜ ਤੇ ਪਰਮਜੀਤ ਸਿੰਘ ਪੰਮਾਂ ਵਾਸੀ ਰਾਈਆ ਤੋਂ 3170 ਨਸ਼ੀਲੀਆ ਗੋਲੀਆ ਬਰਾਮਦ ਕੀਤੀਆਂ ਹਨ। ਸਿਟੀ ਬਰਨਾਲਾ ਵਿਖੇ ਗੁਰਸੇਵਕ ਸਿੰਘ ਵਾਸੀ ਕੁਲਾਰ ਖੁਰਦ ਕੋਲੋ 160 ਕਿਲੋ ਭੁੱਕੀ ਬਰਾਮਦ ਕੀਤੀ ਹੈ।

ਇਸ ਮੌਕੇ ਐਸਪੀ ਜਗਵਿੰਦਰ ਚੀਮਾ, ਡੀਐਸਪੀ ਬਲਜੀਤ ਸਿੰਘ ਬਰਾੜ, ਬਿਰਜ ਮੋਹਨ ਡੀਐਸਪੀ, ਇੰਸਪੈਕਟਰ ਬਲਜੀਤ ਸਿੰਘ ਸੀਆਈਏ, ਜਗਜੀਤ ਸਿੰਘ ਘੁਮਾਣ ਥਾਣਾ ਮੁੱਖੀ ਤਪਾ, ਗੁਰਤੇਜ ਸਿੰਘ , ਗੁਰਪ੍ਰੀਤ ਸਿੰਘ, ਗੁਰਤਾਰ ਸਿੰਘ, ਤਰਸੇਮ ਸਿੰਘ ਰੀਡਰ ਡੀਐਸਪੀ, ਧਰਮਿੰਦਰ ਸਿੰਘ ਸਹਾਇਕ ਰੀਡਰ ਸਣੇ ਵੱਡੀ ਗਿਣਤੀ ’ਚ ਪੁਲਿਸ ਅਧਿਕਾਰੀ-ਕਰਮਚਾਰੀ ਵੀ ਹਾਜ਼ਰ ਸਨ।

Posted By: Jagjit Singh