ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸਥਾਨਕ ਗ੍ਰੀਨ ਪੈਲੇਸ ਦੇ ਪਿਛਲੇ ਪਾਸੇ ਸੋਮਵਾਰ ਰਾਤ ਨੂੰ 1 ਵਜੇ ਚੋਰਾਂ ਵੱਲੋਂ ਇਕ ਘਰ ਦੇ ਅੰਦਰ ਦਾਖ਼ਲ ਹੋ ਕੇ ਜਿੰਦਾ ਤੋੜ ਕੇ ਢਾਈ ਲੱਖ ਰੁਪਏ ਦੀ ਨਗਦੀ, 4 ਤੋਲੇ ਸੋਨਾ ਤੇ ਬੈਂਕ ਦੀ ਐੱਫਡੀ 'ਤੇ ਹੱਥ ਸਾਫ਼ ਕਰ ਦਿੱਤਾ।

ਮਕਾਨ ਮਾਲਕ ਕਾਂਤਾ ਦੇਵੀ ਪਤਨੀ ਲਛਮਣ ਦਾਸ ਨੇ ਦੱਸਿਆ ਕਿ ਉਸਦਾ ਪਤੀ ਦਾ ਇਲਾਜ ਅਧੀਨ ਬਠਿੰਡਾ ਹਸਪਤਾਲ 'ਚ ਦਾਖਲ ਸੀ। ਉੱਥੇ ਉਨ੍ਹਾਂ ਦੀ ਦੇਖਭਾਲ ਦੇ ਲਈ ਉਹ ਬਠਿੰਡਾ ਗਏ ਹੋਏ ਸਨ। ਉਨ੍ਹਾਂ ਦੇ ਘਰ 'ਚ ਸਿਰਫ਼ ਉਨ੍ਹਾਂ ਦੀ ਇਕ ਲੜਕੀ ਸੀ, ਜੋ ਕਿ ਰਾਤ ਨੂੰ 10 ਵਜੇ ਆਪਣੇ ਚਾਚਾ ਦੇ ਘਰ ਚਲੀ ਜਾਂਦੀ ਸੀ, ਤੇ ਸਵੇਰੇ ਘਰ 'ਚ ਆ ਜਾਂਦੀ ਸੀ।

ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤ ਨੂੰ 10 ਵਜੇ ਉਨ੍ਹਾਂ ਦੀ ਲੜਕੀ ਹਰ ਰੋਜ਼ ਦੀ ਤਰ੍ਹਾਂ ਸੌਣ ਦੇ ਲਈ ਆਪਣੇ ਚਾਚੇ ਦੇ ਘਰ ਚਲੀ ਗਈ, ਜੋ ਕਿ ਉਨ੍ਹਾਂ ਦੇ ਘਰ ਤੋਂ ਕੁਝ ਦੂਰੀ 'ਤੇ ਹੈ। ਜਦ ਉਨ੍ਹਾਂ ਦੀ ਲੜਕੀ ਮੰਗਲਵਾਰ ਸਵੇਰੇ ਘਰ ਆਈ, ਤਾਂ ਘਰ ਦਾ ਪੂਰਾ ਸਾਮਾਨ ਖਿੱਲਰਿਆਂ ਪਿਆ ਸੀ। ਜਦ ਉਸਨੇ ਅੰਦਰ ਜਾ ਕੇ ਦੇਖਿਆ, ਤਾਂ ਬੈੱਡ 'ਤੇ ਚੋਰਾਂ ਦੁਆਰਾ ਕੱਪੜੇ ਤੇ ਹੋਰ ਸਾਮਾਨ ਖਿਲਾਰਿਆ ਪਿਆ ਸੀ, ਕਮਰੇ ਦੇ ਦਰਵਾਜੇ ਖੁੱਲੇ ਪਏ ਸਨ, ਤੇ ਉਨ੍ਹਾਂ ਦੀ ਵੀ ਫਿਰੌਲਾ-ਫਰਾਲੀ ਕੀਤੀ ਹੋਈ ਸੀ। ਕਮਰੇ ਦੀ ਅਲਮਾਰੀ ਖੁੱਲੀ ਪਈ ਸੀ, ਜਦ ਉਸਨੇ ਆਪਣੀ ਅਲਮਾਰੀ ਨੂੰ ਚੈੱਕ ਦਿੱਤਾ, ਤਾਂ ਉਨ੍ਹਾਂ ਦੀ ਅਲਮਾਰੀ 'ਚ ਪਈ ਢਾਈ ਲੱਖ ਦੀ ਨਗਦੀ, 4 ਤੋਲੇ ਸੋਨਾ ਤੇ ਬੈਂਕ ਦੀ ਐੱਫਡੀ ਚੋਰੀ ਸੀ।

ਉਨ੍ਹਾਂ ਦੀ ਲੜਕੀ ਨੇ ਉਨ੍ਹਾਂ ਨੂੰ ਇਹ ਸੂਚਨਾ ਫੋਨ 'ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਘਟਨਾ ਦੀ ਸੂਚਨਾ ਥਾਣਾ ਸਿਟੀ-2 ਦੀ ਪੁਲਿਸ ਨੂੰ ਦੇ ਦਿੱਤੀ ਹੈ। ਥਾਣਾ ਸਿਟੀ-2 ਦੇ ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਦ ਮੌਕੇ 'ਤੇ ਜਾ ਕੇ ਘਟਨਾ ਦਾ ਜਾਇਜਾ ਲਿਆ, ਤਾਂ ਉਨ੍ਹਾਂ ਨੇ ਘਟਨਾ ਸਥਾਨ ਜਾ ਕੇ ਚੋਰਾਂ ਦਾ ਪੇਚਕਾਂਸ, ਹਥੌੜਾ ਤੇ ਪਲਾਸ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲ ਕੇ ਉਸਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Posted By: Jagjit Singh