ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਵਾਇਰਸ ਸਬੰਧੀ 52 ਜਣਿਆਂ ਦੇ ਟੈਸਟ ਜਾਂਚ ਲਈ ਲਏ ਗਏ ਹਨ। ਜਿਨ੍ਹਾਂ 'ਚੋਂ 35 ਦੀ ਰਿਪੋਰਟ ਨੈਗੇਟਿਵ ਤੇ 16 ਦੀ ਜਾਂਚ ਰਿਪੋਰਟ ਆਉਣੀ ਅਜੇ ਬਾਕੀ ਹੈ। ਪੰਜਾਬੀ ਜਾਗਰਣ ਨਾਲ ਇਹ ਜਾਣਕਾਰੀ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀ ਪਹਿਲੀ ਕੋਰੋਨਾ ਵਾਇਰਸ ਪੌਜ਼ੇਟਿਵ ਮਹਿਲਾ ਜ਼ੇਰੇ ਇਲਾਜ ਹੈ, ਜਦਕਿ ਇਕ ਹੋਰ ਮਹਿਲ ਕਲਾਂ ਖੇਤਰ ਦੀ ਮਹਿਲਾ ਦੀ ਲੁਧਿਆਣਾ ਹਸਪਤਾਲ 'ਚ ਜ਼ੇਰੇ ਇਲਾਜ ਮੌਤ ਹੋ ਚੁੱਕੀ ਹੈ। ਹੁਣ ਤੱਕ ਬਰਨਾਲਾ 'ਚ 2 ਮਹਿਲਾਵਾਂ ਕੋਰੋਨਾ ਪੌਜ਼ੇਟਿਵ ਪਾਈਆਂ ਗਈਆਂ ਹਨ, ਜਿਨ੍ਹਾਂ 'ਚੋ ਇਕ ਦੀ ਮੌਤ ਹੋ ਚੁੱਕੀ ਹੈ ਤੇ ਇਕ ਜ਼ੇਰੇ ਇਲਾਜ ਹੈ।


ਸੰਗਰੂਰ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪੌਜ਼ੇਟਿਵ ਦੇ ਸੱਸ-ਸਹੁਰਾ ਬਰਨਾਲਾ ਦਾਖਲ

ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੱਗੜਵਾਲ ਦੇ ਕੋਰੋਨਾ ਪੌਜ਼ੇਟਿਵ ਅਮਰਜੀਤ ਸਿੰਘ ਦੇ ਸਹੁਰੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਬੀਹਲਾ ਥਾਣਾ ਟੱਲੇਵਾਲ ਵਿਖੇ ਹਨ, ਉਕਤ ਵਿਅਕਤੀ ਕੁੱਝ ਦਿਨ ਪਹਿਲਾਂ ਆਪਣੇ ਸਹੁਰੇ ਘਰ ਰਹਿ ਕੇ ਗਿਆ ਸੀ, ਜਿਸ ਦੇ ਸਬੰਧ 'ਚ ਸਿਵਲ ਸਰਜਨ ਸੰਗਰੂਰ ਨੇ ਪੱਤਰ ਨੰਬਰ 1106 ਰਾਹੀਂ ਸਿਵਲ ਸਰਜਨ ਬਰਨਾਲਾ ਨੂੰ ਸੰਗਰੂਰ ਕੋਰੋਨਾ ਪੌਜ਼ੇਟਿਵ ਅਮਰਜੀਤ ਸਿੰਘ ਦੇ ਸਹੁਰਾ ਪਰਿਵਾਰ ਦੀ ਜਾਂਚ ਲਈ ਪੱਤਰ ਜਾਰੀ ਕੀਤਾ ਸੀ। ਜਿਸ 'ਤੇ ਅਮਲ ਕਰਦਿਆਂ ਉਨ੍ਹਾਂ ਕੋਰੋਨਾ ਪੌਜ਼ੇਟਿਵ ਦੇ ਸੱਸ-ਸਹੁਰਾ ਨੂੰ ਬਰਨਾਲਾ ਦੇ ਸਿਵਲ ਹਸਪਤਾਲ 'ਚ ਆਇਸੋਲੇਟ ਵਾਰਡ 'ਚ ਦਾਖਲ ਕਰ ਉਨ੍ਹਾਂ ਦੇ ਜਾਂਚ ਲਈ ਟੈਸਟ ਭੇਜੇ ਹਨ। ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।

ਕੋਰੋਨਾ ਪੌਜ਼ੇਟਿਵ ਰਾਧਾ ਰਾਣੀ ਦੀ ਧੀ ਦੀ ਰਿਪੋਰਟ ਹਾਲੇ ਨਹੀਂ ਆਈ

ਬਰਨਾਲਾ ਦੀ ਪਹਿਲੀ ਕੋਰੋਨਾ ਪੌਜ਼ੇਟਿਵ ਪੀੜਤਾ ਰਾਧਾ ਰਾਣੀ ਜਿੱਥੇ ਜ਼ੇਰੇ ਇਲਾਜ ਹੈ, ਉੱਥੇ ਹੀ ਉਸ ਦੇ ਪਤੀ ਤੇ ਨੌਕਰਾਣੀ ਤੇ ਹੋਰ ਮਕਾਨ ਮਾਲਕਾਂ ਸਮੇਤ ਰਿਪੋਰਟ ਨੈਗੇਟਿਵ ਆ ਚੁੱਕੀ ਸੀ, ਪਰ ਰਾਧਾ ਰਾਣੀ ਦੀ ਧੀ ਦੀ ਰਿਪੋਰਟ 'ਤੇ ਸਿਹਤ ਪ੍ਰਸਾਸ਼ਨ ਨੂੰ ਕੋਈ ਸ਼ੱਕ ਅਧੀਨ ਉਸ ਦੇ ਦੂਸਰੀ ਵਾਰ ਟੈਸਟ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਹਾਲੇ ਤੱਕ ਬਾਕੀ ਹੈ।

-ਮ੍ਰਿਤਕ ਕੋਰੋਨਾ ਪੌਜ਼ੇਟਿਵ ਮਹਿਲਾ ਦੇ 13 ਪਰਿਵਾਰਕ ਮੈਂਬਰ ਆਈਸੋਲੇਟ

ਕੋਰੋਨਾ ਵਾਇਰਸ ਕਾਰਨ ਮਹਿਲ ਕਲਾਂ ਦੀ ਕਰਮਜੀਤ ਕੌਰ ਦੀ ਲੁਧਿਆਣਾ ਹਸਪਤਾਲ 'ਚ ਜ਼ੇਰੇ ਇਲਾਜ ਮੌਤ ਹੋ ਗਈ ਸੀ, ਜਿਸ ਦੀ ਪੁਸ਼ਟੀ ਮੌਤ ਉਪਰੰਤ ਜਾਂਚ ਦੌਰਾਨ ਕੀਤੀ ਗਈ ਸੀ। ਜਿਸ ਦੇ ਤਹਿਤ ਉਸ ਦੇ ਪਰਿਵਾਰਕ 13 ਮੈਂਬਰਾਂ ਨੂੰ ਸੀਐਚਸੀ ਮਹਿਲ ਕਲਾਂ ਦੀ ਕੋਰੋਨਾ ਵਿਸ਼ੇਸ਼ ਟੀਮ ਦੇ ਨੋਡਲ ਅਸਫ਼ਰ ਡਾ. ਸਿਮਰਜੀਤ ਸਿੰਘ ਦੀ ਦੇਖ-ਰੇਖ ਹੇਠ ਸਿਵਲ ਹਸਪਤਾਲ ਬਰਨਾਲਾ ਅਧੀਨ ਮਾਲਵਾ ਨਰਸਿੰਗ ਕਾਲਜ ਮਹਿਲ ਕਲਾਂ 'ਚ ਆਈਸੋਲੇਟ ਕਰ ਦਿੱਤਾ ਗਿਆ ਹੈ। ਪ੍ਰਸਾਸ਼ਨ ਵਲੋਂ ਮ੍ਰਿਤਕਾ ਦੇ ਘਰ 'ਚ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਐਸਐਮਓ ਹਰਜਿੰਦਰ ਸਿੰਘ ਆਂਡਲੂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀਆਂ 8 ਟੀਮਾਂ ਕਸਬੇ ਦੇ ਹਰ ਇਕ ਘਰ 'ਚ ਜਾ ਕੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਤੇ ਉਸ ਦੇ ਸੰਪਰਕ 'ਚ ਆਏ ਲੋਕਾਂ ਦਾ ਵੇਰਵਾ ਇਕੱਠਾ ਕਰ ਰਹੇ ਹਨ।

Posted By: Rajnish Kaur