ਸ਼੍ਰੀ ਦਰਬਾਰ ਸਾਹਿਬ ਤੇ ਸ਼ਹੀਦ ਗੰਜ ਜਾਣ ਵਾਲੀਆਂ ਸੰਗਤਾਂ ਦੀ ਵੀ ਆਮਦ ਘਟੀ

ਮਨਜੋਤ ਸਿੰਘ ਕੰਗ, ਅੰਮਿ੍ਤਸਰ : ਅੰਮਿ੍ਤਸਰ ਵਿਚ ਪੈਰ ਪਸਾਰਨ ਤੋਂ ਬਾਅਦ ਕੋਰੋਨਾ ਵਾਇਰਸ (ਕੋਵਿਡ-19) ਦਾ ਡਰ ਲੋਕਾਂ ਵਿਚ ਹੋਰ ਵੱਧ ਗਿਆ ਹੈ। ਕੋਰੋਨਾ ਤੋਂ ਪੀੜਤ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਦੇਹਾਂਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਲੋਂ ਜਨ-ਕਲਿਆਣ ਲਈ ਸਾਵਧਾਨੀ ਵਰਤਦਿਆਂ ਸ਼ਹਿਰ ਦੇ ਇਕ ਇਲਾਕੇ ਦੇ ਕੁਝ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸੀਲ ਕਰਨ ਦੇ ਨਾਲ-ਨਾਲ ਪੁਲਿਸ ਵੱਲੋਂ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਨਾਕੇ ਵੀ ਲਗਾਏ ਜਾ ਰਹੇ ਹਨ। ਪੁਲਿਸ ਵਲੋਂ ਲਗਾਏ ਇਸ ਸਖਤ ਪਹਿਰੇ ਕਾਰਨ ਸ਼੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਇੱਕਾ-ਦੁੱਕਾ ਸੰਗਤਾਂ ਹੀ ਨਤਮਸਤਕ ਹੋਈਆਂ। ਤੜਕਸਾਰ ਅਤੇ ਬਾਅਦ ਦੁਪਹਿਰ ਵੀ ਸਥਿਤੀ ਲਗਭਗ ਇਕੋ ਜਿਹੀ ਰਹੀ। ਸ੍ਰੀ ਹਰਿਮੰਦਰ ਸਾਹਿਬ ਅਤੇ ਗੁੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪ੍ਰਰੇਮੀ ਸਿੰਘਾਂ ਤੋਂ ਇਲਾਵਾ ਇੱਕਾ-ਦੁੱਕਾ ਸੰਗਤਾਂ ਨੇ ਹਾਜ਼ਰੀਆਂ ਭਰੀਆਂ।

------------

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਖ ਸੜਕ ਨੂੰ ਕੀਤੀ ਬੰਦ

ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਕਰਫਿਊ ਦੌਰਾਨ ਵੀ ਲੋਕ ਲੰਘਣ ਤੋਂ ਬਾਜ਼ ਨਹੀਂ ਆਉਂਦੇ, ਜਿਸ ਦੇ ਮੱਦੇਨਜ਼ਰ ਸਾਨੂੰ ਇਕ ਸੜਕ ਨੂੰ ਪੱਕੇ ਤੌਰ ਤੇ ਬੰਦ ਕਰਨਾ ਪਿਆ, ਉਨ੍ਹਾਂ ਨੇ ਦੱਸਿਆ ਕਿ ਕਰਫਿਊ ਤੋਂ ਬਾਅਦ ਇਹ ਰਸਤਾ ਆਮ ਵਾਂਗ ਖੋਲ੍ਹ ਦਿੱਤਾ ਜਾਵੇਗਾ।

--------

ਗਲਿਆਰੇ 'ਚ ਕਸਰਤ ਕਰਨ ਵਾਲਿਆਂ ਦੀ ਗਿਣਤੀ ਘਟੀ

ਸ਼੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿਚ, ਜਿਥੇ ਸਵੇਰ ਦੇ ਸਮੇਂ ਲੋਕ ਸੈਰ-ਸਪਾਟਾ ਅਤੇ ਕਸਰਤ ਕਰਨ ਲਈ ਆਉਂਦੇ ਸਨ, ਉਨ੍ਹਾਂ ਦੀ ਗਿਣਤੀ ਵੀ ਨਾ-ਮਾਤਰ ਹੀ ਸੀ। ਜਿਥੇ ਕਿ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਅਤੇ ਕਸਰਤ ਕਰਨ ਵਾਲਿਆਂ ਦੀ ਆਵਾਜ਼ਾਂ ਨਾਲ ਗਲਿਆਰਾ ਵਿਚ ਰੋਣਕ ਲੱਗੀ ਰਹਿੰਦੀ ਸੀ।

------------

ਮੰਗਤਿਆਂ ਦੀ ਗਿਣਤੀ 'ਚ ਵਾਧਾ ਹਾਲਾਤ ਲਈ ਖਤਰਾ

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਪੁਰਾਣੇ ਜੋੜਾ ਘਰ ਦੇ ਬਾਹਰ ਰਾਤ ਸਮੇਂ ਕੁਝ ਮੰਗਤੇ ਤੇ ਸੰਗਤਾਂ ਸੋਣ ਲੱਗ ਗਈਆਂ ਹਨ, ਕੁਝ ਦਿਨ ਪਹਿਲਾਂ ਸ਼ਿਕਾਇਤ ਕਰਨ ਤੇ ਇਹ ਮੰਗਤੇ ਉਠਾ ਦਿੱੱਤੇ ਗਏ ਸਨ। ਕੁਝ ਦਿਨਾਂ ਬਾਅਦ ਇਨ੍ਹਾਂ ਨੇ ਦੁੁਬਾਰਾ ਦਸਤਕ ਦੇ ਦਿੱਤੀ ਹੈ। ਇਸ ਤੋਂ ਇਲਾਵਾ ਘੰਟਾ ਘਰ ਨੇੜੇ ਅਤੇ ਸਰਾਵਾਂ ਦੇ ਬਾਹਰ ਵੀ ਸਾਰਾ ਦਿਨ ਮੰਗਤੇ ਦਿਖਾਈ ਦਿੰਦੇ ਹਨ, ਜੋ ਕੋਰੋਨਾ ਤੋ ਪ੍ਰਭਾਵਿਤ ਮੌਜੂਦਾ ਹਾਲਾਤ ਵਿਚ ਖਤਰਾ ਬਣ ਸਕਦੇ ਹਨ।

-------------

ਇਲਾਕੇ ਕੀਤੇ ਗਏ ਸੀਲ

ਕੋਰੋਨਾ ਤੋਂ ਪੀੜਤ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਦੇਹਾਂਤ ਤੋ ਬਾਅਦ ਪੁਲਿਸ ਪ੍ਰਸ਼ਾਸਨ ਹੋਰ ਵੀ ਚੌਕਸ ਹੋਇਆ ਹੈ। ਭਾਈ ਨਿਰਮਲ ਸਿੰਘ ਖਾਲਸਾ ਦੀ ਰਿਹਾਇਸ਼ ਤੋਂ ਇਲਾਵਾ, ਤਰਨਤਾਰਨ ਰੋਡ, ਸ਼ਹੀਦ ਊਧਮ ਸਿੰਘ ਨਗਰ, ਸੁਲਤਾਨਵਿੰਡ ਰੋਡ, ਤੇਜ਼ ਨਗਰ, ਅੰਤਰਯਾਮੀ ਕਾਲੋਨੀ, ਨਾਮਧਾਰੀ ਕੰਡਾ ਵਾਲਾ ਰਸਤਾ ਪੁਲਿਸ ਵਲੋਂ ਸੀਲ ਕਰ ਦਿੱਤਾ ਗਿਆ ਹੈ।