ਰਾਜਨ ਚੋਪੜਾ, ਭਿੱਖੀਵਿੰਡ : ਪਿੰਡ ਪਹੂਵਿੰਡ ਵਿਖੇ 28 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਇਹ ਨੌਜਵਾਨ ਸਵਾ ਮਹੀਨਾ ਪਹਿਲਾਂ ਗੁਜਰਾਤ ਤੋਂ ਪੰਜਾਬ ਆਇਆ ਸੀ ਅਤੇ ਕੁਆਰਾ ਸੀ । ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਿਵਰੈਲ ਸਿੰਘ ਵਾਸੀ ਪਹੂਵਿੰਡ ਨੇ ਦੱਸਿਆ ਕਿ ਉਸ ਦਾ ਭਰਾ ਰਾਜਵਿੰਦਰ ਸਿੰਘ (28) ਗੁਜਰਾਤ ਦੀ ਕਿਸੇ ਕੰਪਨੀ ਵਿਚ ਨੌਕਰੀ ਕਰਦਾ ਸੀ। ਕੋਰੋਨਾ ਕਾਰਨ ਉਥੇ ਲੱਗੇ ਲਾਕਡਾਊਨ ਕਰਕੇ ਉਹ 20 ਅਪ੍ਰੈਲ ਨੂੰ ਪਿੰਡ ਪਰਤਿਆ ਸੀ। ਉਸ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਨਸ਼ਾ ਕਰਦਾ ਸੀ।

ਪਿੰਡ ਦੇ ਕੁਝ ਮੁੰਡੇ ਨਸ਼ਾ ਵੇਚਦੇ ਅਤੇ ਕਰਦੇ ਹਨ ਜਿਨ੍ਹਾਂ ਦੀ ਸੰਗਤ ਵਿਚ ਰਾਜਵਿੰਦਰ ਪੈ ਗਿਆ। ਇਸ ਮੌਕੇ ਮਿ੍ਤਕ ਦੇ ਪਿਤਾ ਕਾਰਜ ਸਿੰਘ ਅਤੇ ਮਾਤਾ ਪ੍ਰਕਾਸ਼ ਕੌਰ ਨੇ ਦੱਸਿਆ ਕਿ ਦੁਪਹਿਰ ਸਮੇਂ ਰਾਜਵਿੰਦਰ ਨਸ਼ਾ ਲੈ ਕੇ ਆਇਆ ਅਤੇ ਬਾਥਰੂਮ ਵਿਚ ਵੜ ਕੇ ਜਦੋਂ ਟੀਕਾ ਲਾਇਆ ਤਾਂ ਉਥੇ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਬਾਰੇ ਕਈ ਵਾਰ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਜਾ ਰਿਹਾ।

ਘਟਨਾ ਦਾ ਪਤਾ ਚਲਦਿਆਂ ਹੀ ਮੌਕੇ 'ਤੇ ਪਹੁੰਚੇ ਥਾਣਾ ਭਿੱਖੀਵਿੰਡ ਦੇ ਏਐੱਸਆਈ ਸਵਿੰਦਰ ਸਿੰਘ ਨੇ ਦੱਸਿਆ ਕਿ ਨਿਵਰੈਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।