ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : ਪਿੰਡ ਝਬਾਲ ਖਾਮ ਦੇ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਈ ਚਿਰਾਂ ਤੋਂ ਨਸ਼ੇ ਕਰਨ ਦਾ ਆਦੀ ਇਹ ਨੌਜਵਾਨ ਟੀਕਾ ਲਗਾਉਣ ਕਾਰਨ ਮੌਤ ਦੇ ਮੂੰਹ ਵਿਚ ਗਿਆ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪਰਿਵਾਰ ਨੇ ਬਿਨਾਂ ਕੋਈ ਕਾਨੂੰਨੀ ਕਾਰਵਾਈ ਕੀਤਿਆਂ ਲਾਸ਼ ਦਾ ਸਸਕਾਰ ਕਰ ਦਿੱਤਾ ਹੈ।

ਪਿੰਡ ਝਬਾਲ ਖਾਮ ਵਾਸੀ ਤਰਸੇਮ ਸਿੰਘ ਨੇ ਦੱਸਿਆ ਕਿ ਉਸਦਾ 25 ਸਾਲਾ ਲੜਕਾ ਸੰਦੀਪ ਸਿੰਘ ਉਰਫ ਬਾਊ ਜਵਾਨੀ ਚੜ੍ਹਦਿਆਂ ਹੀ ਨਸ਼ਿਆਂ ਦੀ ਲਪੇਟ ਵਿਚ ਆ ਗਿਆ ਸੀ। ਉਸ ਨੇ ਸੰਦੀਪ ਦਾ ਨਸ਼ਾ ਛੁਡਾਊ ਕੇਂਦਰ ਦਾ ਇਲਾਜ ਵੀ ਕਰਵਾਇਆ ਪਰ ਪਿੰਡ ਪਹੁੰਚਦਿਆਂ ਉਹ ਦੁਬਾਰਾ ਨਸ਼ੇ ਕਰਨ ਲੱਗ ਪਿਆ। ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਸੰਦੀਪ ਸਿੰਘ ਦੀ ਲਾਸ਼ ਪਿੰਡ ਦੇ ਛੱਪੜ ਕੋਲ ਪਈ ਮਿਲੀ ਅਤੇ ਕੋਲ ਹੀ ਇਕ ਸਰਿੰਜ ਪਈ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਨਸ਼ਾ ਕਰਨ ਕਰ ਕੇ ਉਸਦੀ ਮੌਤ ਹੋਈ ਹੈ। ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਤਾਂ ਜਾਨ ਨਸ਼ਿਆਂ ਨੇ ਲੈ ਹੀ ਲਈ ਹੈ। ਉਹ ਚਾਹੁੰਦੇ ਹਨ ਕਿ ਸਰਕਾਰ ਇਸ ਪਾਸੇ ਸਖ਼ਤੀ ਨਾਲ ਕਦਮ ਚੁੱਕੇ ਤਾਂ ਜੋ ਹੋਰਾਂ ਦੇ ਬੱਚੇ ਬਚ ਸਕਣ। ਜਦੋਂਕਿ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿਚ ਨਸ਼ੇੜੀ ਅਤੇ ਨਸ਼ਾ ਵੇਚਣ ਵਾਲੇ ਸ਼ਰ੍ਹੇਆਮ ਘੁੰਮਦੇ ਹਨ। ਜਦੋਂਕਿ ਪੁਲਿਸ ਦਾ ਛਾਪਾ ਪੈਂਦਾ ਹੈ ਤਾਂ ਇਹ ਲੋਕ, ਲੋਕਾਂ ਦੇ ਘਰਾਂ ਵਿਚ ਲੁਕ ਜਾਂਦੇ ਹਨ। ਨਾ ਹੀ ਕੋਈ ਇਨ੍ਹਾਂ ਖ਼ਿਲਾਫ਼ ਬੋਲਣ ਦੀ ਹਿੰਮਤ ਕਰਦਾ ਹੈ ਕਿਉਂਕਿ ਇਹ ਲੋਕ ਅੱਗੋਂ ਝਗੜਾ ਕਰਦੇ ਹਨ। ਮੌਕੇ 'ਤੇ ਪਹੁੰਚੇ ਥਾਣਾ ਝਬਾਲ ਦੇ ਜਾਂਚ ਅਧਿਕਾਰੀ ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਵੱਲੋਂ ਕੋਈ ਕਾਰਵਾਈ ਨਾ ਕਰਵਾਉਣ ਲਈ ਲਿਖਤੀ ਤੌਰ 'ਤੇ ਦੇ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਲਾਸ਼ ਉਨ੍ਹਾਂ ਹਵਾਲੇ ਕਰ ਦਿੱਤੀ। ਉਨ੍ਹਾਂ ਕਿਹਾ ਕਿ ਲੋਕ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਤਾਂ ਜੋ ਇਨ੍ਹਾਂ 'ਤੇ ਸ਼ਿਕੰਜਾ ਕੱਸਿਆ ਜਾ ਸਕੇ।

ਦੂਜੇ ਪਾਸੇ ਅਕਾਲੀ ਆਗੂ ਅਰਵਿੰਦਰ ਸਿੰਘ ਮਾਮਕ ਬੰਬੇ ਨੇ ਪੁਲਿਸ ਦੀ ਕਾਰਵਾਈ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਆਖਿਰ ਲੋਕ ਹੀ ਕਿਉਂ ਪੁਲਿਸ ਨੂੰ ਦੱਸਣ। ਪੁਲਿਸ ਨੂੰ ਚਾਹੀਦਾ ਹੈ ਕਿ ਮੁਲਜ਼ਮਾਂ ਦੀ ਆਪ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਆਪ ਕਾਰਵਾਈ ਕਰੇ ਤਾਂ ਜੋ ਨੌਜਵਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਤਾਂ ਮੁਲਜ਼ਮਾਂ ਤਕ ਪਹੁੰਚ ਜਾਂਦੀ ਹੈ। ਜਿਸ ਨਾਲ ਉਨ੍ਹਾਂ ਦੀ ਦੁਸ਼ਮਣੀ ਬਣਦੀ ਹੈ। ਇਸ ਲਈ ਪੁਲਿਸ ਆਪਣਾ ਕੰਮ ਆਪ ਕਰੇ।