ਜੇਐੱਨਐੱਨ, ਬਿਆਸ : ਪਰਿਵਾਰ ਦੇ ਕਹਿਣ 'ਤੇ ਅਮਰੀਕਾ ਤੋਂ ਮੰਗਣੀ ਕਰਨ ਪੁੱਜੇ ਬਿਆਸ ਥਾਣੇ ਤਹਿਤ ਪੈਂਦੇ ਪਿੰਡਾ ਜੋਧੇ ਦੇ ਬਲਵੰਤ ਸਿੰਘ (30) ਦੀ ਤਿੰਨ ਨੌਜਵਾਨਾਂ ਨੇ ਸ਼ੁੱਕਰਵਾਰ ਰਾਤ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੁਲਜ਼ਮਾਂ ਨੇ ਆਪਣੇ ਮੂੰਹ ਲੋਈ ਨਾਲ ਢੱਕੇ ਹੋਏ ਸਨ। ਗੋਲ਼ੀਆਂ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਬਾਹਰ ਵੱਲ ਦੌੜੇ ਪਰ ਉਦੋਂ ਤਕ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਬਲਵੰਤ ਨੂੰ ਹਸਪਤਾਲ ਦਾਖ਼ਲ ਲਿਜਾਇਆ ਗਿਆ ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ। ਡੀਐੱਸਪੀ ਹਰਕਿਸ਼ਨ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਪਿੱਛੋਂ ਬਲਵੰਤ ਦੇ ਸਰੀਰ ਵਿਚੋਂ 16 ਗੋਲ਼ੀਆਂ ਕੱਢੀਆਂ ਗਈਆਂ ਹਨ ਜੋ .32 ਬੋਰ ਦੀਆਂ ਹਨ। ਪਿੰਡ ਦੇ ਸੀਸੀਟੀਵੀ ਕੈਮਰਿਆਂ ਦੀ ਪੁਣਛਾਣ ਕੀਤੀ ਜਾ ਰਹੀ ਹੈ।

ਬਲਵੰਤ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ। ਛੋਟਾ ਬੇਟਾ ਬਲਵੰਤ 2015 ਤੋਂ ਅਮਰੀਕਾ ਵਿਚ ਰਹਿ ਰਿਹਾ ਸੀ। ਸਾਰਾ ਪਰਿਵਾਰ ਚਾਹੁੰਦਾ ਸੀ ਕਿ ਉਹ ਹੁਣ ਵਿਆਹ ਕਰਵਾ ਲਵੇ। ਇਸ ਲਈ ਉਹ 9 ਦਸੰਬਰ ਨੂੰ ਅਮਰੀਕਾ ਤੋਂ ਮੰਗਣੀ ਕਰਵਾਉਣ ਲਈ ਆਇਆ ਸੀ। ਉਸ ਨੇ 28 ਦਸੰਬਰ ਨੂੰ ਅਮਰੀਕਾ ਪਰਤ ਜਾਣਾ ਸੀ। ਪਿਤਾ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰੇ ਉਹ ਟੈਕਸੀ 'ਤੇ ਬਲਵੰਤ ਤੇ ਉਸ ਦੀ ਮਾਤਾ ਅਮਰਜੀਤ ਕੌਰ ਨਾਲ ਕਾਦੀਆਂ ਰਿਸ਼ਤੇਦਾਰਾਂ ਦੇ ਘਰ ਗਏ ਸਨ ਜੋ ਉਨ੍ਹਾਂ ਦੇ ਪੁੱਤਰ ਦਾ ਰਿਸ਼ਤਾ ਕਰਵਾ ਰਹੇ ਸਨ। 24 ਦਸੰਬਰ ਨੂੰ ਬਲਵੰਤ ਨੂੰ ਲੜਕੀ ਦਿਖਾ ਕੇ ਰਿਸ਼ਤਾ ਪੱਕਾ ਕੀਤਾ ਜਾਣਾ ਸੀ। ਉਹ ਤਿੰਨੇ ਜਣੇ ਟੈਕਸੀ 'ਤੇ ਹੀ ਘਰ ਪਰਤ ਰਹੇ ਸਨ ਕਿ ਬਲਵਿੰਦਰ ਸਿੰਘ ਦੇ ਮੋਬਾਈਲ 'ਤੇ ਉਨ੍ਹਾਂ ਦੇ ਭਤੀਜੇ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਘਰ ਪੁੱਜੇ ਹਨ ਤੇ ਬਲਵੰਤ ਨੂੰ ਮਿਲਣ ਲਈ ਕਹਿ ਰਹੇ ਹਨ। 15-20 ਮਿੰਟਾਂ ਬਾਅਦ ਉਹ ਘਰ ਪੁੱਜੇ। ਬਲਵਿੰਦਰ ਤੇ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਘਰ ਅੰਦਰ ਚਲੇ ਗਏ । ਏਨੇ ਨੂੰ ਮੋਟਰਸਾਈਕਲ ਸਵਾਰ ਜੋ ਪਹਿਲਾਂ ਚਲੇ ਗਏ ਸਨ ਦੁਬਾਰਾ ਆਏ ਤੇ ਬਲਵੰਤ ਸਿੰਘ 'ਤੇ ਗੋਲ਼ੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ।

Posted By: Seema Anand