ਤਜਿੰਦਰ ਸਿੰਘ, ਅਟਾਰੀ : ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਅਟਾਰੀ ਵਿਖੇ ਮਾਮੂਲੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ ਕਾਰਨ ਇਕ ਨੌਜਵਾਨ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ ਹੈ। ਥਾਣਾ ਘਰਿੰਡਾ ਵਿਖੇ ਗੁਰਪ੍ਰੀਤ ਸਿੰਘ ਉਰਫ਼ ਗਿਆਨੀ ਪੁੱਤਰ ਕੁਲਵੰਤ ਸਿੰਘ ਵਾਸੀ ਰਣਗੜ੍ਹ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਾਉਣ ਦੌਰਾਨ ਦੱਸਿਆ ਕਿ 26 ਮਈ ਨੂੰ ਉਨ੍ਹਾਂ ਨੇ ਪਿੰਡ ਰਣੀਕੇ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਸੀ ਤੇ ਇਸ ਦੌਰਾਨ ਜਗਰੂਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਰਣੀਕੇ ਛਬੀਲ ਦੇ ਨਜ਼ਦੀਕ ਤੋਂ ਤੇਜ਼ ਰਫ਼ਤਾਰ ਵਿਚ ਆਪਣਾ ਮੋਟਰਸਾਈਕਲ ਲੈ ਕੇ ਵਾਰ-ਵਾਰ ਲੰਘ ਰਿਹਾ ਸੀ ਜਿਸ 'ਤੇ ਡਿਪਟੀ ਸਿੰਘ ਉਰਫ਼ ਮੋਟਾ ਪੁੱਤਰ ਬਾਵਾ ਸਿੰਘ ਵਾਸੀ ਰਣਗੜ੍ਹ ਨੇ ਕਿਹਾ ਕਿ ਛਬੀਲ ਚੱਲ ਰਹੀ ਹੈ ਮੋਟਰਸਾਈਕਲ ਹੌਲੀ ਚਲਾ ਕੇ ਲੰਘ, ਜਿਸ 'ਤੇ ਉਹ ਬੋਲਦਾ ਹੋਇਆ ਉਥੋਂ ਚਲਾ ਗਿਆ।

ਉਸ ਨੇ ਦੱਸਿਆ ਕਿ 27 ਮਈ ਨੂੰ ਡਿਪਟੀ ਸਿੰਘ ਤੇ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਣਗੜ੍ਹ ਅਟਾਰੀ ਤੋਂ ਆਪਣੇ ਕੱਪੜੇ ਤੇ ਹੋਰ ਸਾਮਾਨ ਲੈਣ ਲਈ ਗਏ ਸਨ। ਉਸ ਸਮੇਂ ਸਾਹਮਣੇ ਤੋਂ ਅਟਾਰੀ ਬਾਜ਼ਾਰ ਵਿਚ ਤਲਾਬ ਲਾਗੇ ਦੋ ਮੋਟਰਸਾੲਕੀਲਾਂ 'ਤੇ ਸਵਾਰ 4 ਵਿਅਕਤੀ ਆਏ ਜਿਨ੍ਹਾਂ ਵਿਚ ਇਕ ਨੂੰ ਸਾਗਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਰਣੀਕੇ ਚਲਾ ਰਿਹਾ ਸੀ ਤੇ ਉਸ ਦੇ ਪਿੱਛੇ ਯੁੱਧਵੀਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਰਣੀਕੇ ਕਿਰਚ ਲੈ ਕੇ ਬੈਠਾ ਸੀ ਤੇ ਦੂਜੇ ਮੋਟਰਸਾਈਕਲ ਨੂੰ ਪਿ੍ਤਪਾਲ ਸਿੰਘ ਉਰਫ਼ ਗੋਰਾ ਪੁੱਤਰ ਕਿੰਦਾ ਸਿੰਘ ਵਾਸੀ ਅਟਾਰੀ ਚਲਾ ਰਿਹਾ ਸੀ ਤੇ ਪਿੱਛੇ ਕਰਨ ਸਿੰਘ ਪੁੱਤਰ ਟਿੱਕਾ ਵਾਸੀ ਅਟਾਰੀ ਕਿਰਚ ਲੈ ਕੇ ਬੈਠਾ ਸੀ।

ਇਨ੍ਹਾਂ ਨਾਲ ਪ੍ਰੀਤ ਸਿੰਘ ਪੁੱਤਰ ਟਿੱਕਾ ਵਾਸੀ ਅਟਾਰੀ ਅਤੇ ਬੱਬ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਰਣੀਕੇ ਖ਼ਾਲੀ ਹੱਥ ਸਨ। ਗੁਰਪ੍ਰਰੀਤ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਯੁੱਧਵੀਰ ਸਿੰਘ ਨੇ ਲਲਕਾਰਾ ਮਾਰਿਆ ਕਿ ਡਿਪਟੀ ਨੂੰ ਫੜ ਲਵੋ ਇਸ ਨੂੰ ਮਜ਼ਾ ਚਖਾ ਦੇਈਏ ਇਸ ਨੇ ਮੇਰੇ ਭਰਾ ਜਗਰੂਪ ਨੂੰ ਮੋਟਰਸਾਈਕਲ ਤੇਜ਼ ਚਲਾਉਣ ਤੋਂ ਰੋਕਿਆ ਸੀ। ਮੌਕੇ 'ਤੇ ਯੁੱਧਵੀਰ ਸਿੰਘ ਅਤੇ ਕਰਨ ਸਿੰਘ ਨੇ ਡਿਪਟੀ 'ਤੇ ਕਿਰਚਾਂ ਨਾਲ ਕਈ ਵਾਰ ਕੀਤੇ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸੇ ਦੌਰਾਨ ਪਿ੍ਰਤਪਾਲ ਸਿੰਘ ਉਰਫ਼ ਗੋਰਾ ਨੇ ਆਪਣੀ ਜੇਬ੍ਹ 'ਚੋਂ ਚਾਕੂ ਕੱਢ ਤੇ ਅਕਾਸ਼ਦੀਪ ਵੱਲ ਵਧਿਆ ਤੇ ਅਕਾਸ਼ਦੀਪ ਡਰਦਾ ਉਥੋਂ ਭੱਜ ਗਿਆ। ਇਸ ਦੌਰਾਨ ਪ੍ਰਰੀਤ ਸਿੰਘ, ਸਾਗਰ ਅਤੇ ਬੱਬ ਨੇ ਉਸਦੇ ਚਪੇੜਾਂ ਵੀ ਮਾਰੀਆਂ। ਉਸ ਨੇ ਦੱਸਿਆ ਕਿ ਡਿਪਟੀ ਨੂੰ ਜ਼ਖ਼ਮੀ ਹਾਲਤ ਵਿਚ ਲੋਪੋਕੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿਥੇ ਉਨ੍ਹਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਭੇਜ ਦਿੱਤਾ, ਜਿਥੇ ਡਿਪਟੀ ਸਿੰਘ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ।

ਇਸ ਮੌਕੇ ਥਾਣਾ ਘਰਿੰਡਾ ਦੇ ਇੰਚਾਰਜ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਮੁਲਜ਼ਮਾਂ ਖ਼ਿਲਾਫ਼ ਧਾਰਾ 302, 148 ਅਤੇ ਧਾਰਾ 149 ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਦੀਆਂ ਟੀਮਾਂ ਛਾਪਾਮਾਰੀ ਕਰ ਰਹੀਆਂ ਹਨ।