ਜੇਐੱਨਐੱਨ, ਅੰਮਿ੍ਤਸਰ : ਬਿਆਸ ਦੀ ਨਵੀਂ ਆਬਾਦੀ 'ਚ ਇਕ ਅੌਰਤ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਥਾਨ ਤੋਂ ਪ੍ਰਰਾਪਤ ਜਾਣਕਾਰੀ ਮੁਤਾਬਕ ਮੰਜੂ (32) ਜਿਸ ਦਾ ਵਿਆਹ ਕਰੀਬ 12 ਸਾਲ ਪਹਿਲਾਂ ਮੰਗਲ ਵਾਸੀ ਮੋਗਾ ਦੇ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਮੰਗਲ ਅਤੇ ਉਸ ਦਾ ਪਰਿਵਾਰ ਮੰਜੂ ਨੂੰ ਪ੍ਰਤਾੜਿਤ ਕਰਦੇ ਰਹਿੰਦੇ ਸਨ। ਝਗੜੇ ਕਾਰਨ ਉਹ ਲੋਕ ਨਵੀਂ ਆਬਾਦੀ ਬਿਆਸ 'ਚ ਆ ਗਏ, ਜਿਥੇ ਮੰਗਲ ਦੇ ਪਿਤਾ ਦਾ ਆਪਣਾ ਘਰ ਸੀ। ਮੰਜੂ ਆਪਣੇ ਬੱਚਿਆਂ ਦੇ ਨਾਲ ਆਪਣੇ ਸਹੁਰੇ ਦੇ ਨਾਲ ਇਸ ਘਰ 'ਚ ਰਹਿ ਰਹੀ ਸੀ ਅਤੇ ਮਿਹਨਤ ਕਰ ਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੀ ਸੀ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਬਹੁਤ ਮਿਲਣਸਾਰ ਸੀ। ਮੰਜੂ ਦੇ ਪਿਤਾ ਸੇਵਾਰਾਮ ਨੇ ਦੱਸਿਆ ਕਿ ਮੰਜੂ ਦਾ ਪਤੀ ਆਪਣੀ ਮਾਂ ਗੇਬੋ ਦੇ ਨਾਲ ਪਿਛਲੇ ਇਕ ਸਾਲ ਤੋਂ ਮੋਗਾ 'ਚ ਰਹਿ ਰਿਹਾ ਸੀ ਅਤੇ ਉਸ ਦੇ ਮੰਜੂ ਨੂੰ ਘਰ ਚਲਾਉਣ ਲਈ ਕੋਈ ਪੈਸਾ ਵੀ ਨਹੀਂ ਦਿੱਤਾ ਸੀ। ਮਿ੍ਤਕਾ ਮੰਜੂ ਦਾ ਸਹੁਰਾ ਦੇਬਾ ਜੋ ਉਸ ਦੇ ਨਾਲ ਹੀ ਰਹਿੰਦਾ ਸੀ, ਨੇ ਦੱਸਿਆ ਕਿ ਜਦੋਂ ਸਵੇਰੇ ਉਹ ਉਠਿਆ ਤਾਂ ਮੰਜੂ ਮੰਗਲ ਨਾਲ ਫੋਨ 'ਤੇ ਗੱਲ ਕਰ ਰਹੀ ਸੀ ਅਤੇ ਦੋਵੇਂ ਬੱਚੇ ਸੌਂ ਰਹੇ ਸਨ। ਇਸ ਮਗਰੋਂ ਉਹ ਛੱਜ ਵੇਚਣ ਲਈ ਸਾਈਕਲ 'ਤੇ ਨਜ਼ਦੀਕ ਦੇ ਪਿੰਡ ਵਿਚ ਚਲਾ ਗਿਆ। ਉਸ ਨੂੰ ਜਦੋਂ ਮੰਜੂ ਦੇ ਬਾਰੇ ਖਬਰ ਮਿਲੀ ਤਾਂ ਉਹ ਤੁਰੰਤ ਘਰ ਆ ਗਿਆ। ਡੀਐੱਸਪੀ ਬਾਬਾ ਬਕਾਲਾ ਹਰਕਿ੍ਸ਼ਨ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੇ ਪਿਤਾ ਦਾ ਘਰ ਵੀ ਉਸ ਦੇ ਘਰ ਦੇ ਕੋਲ ਹੀ ਹੈ, ਮੰਜੂ ਦੀ ਭਰਜਾਈ ਰਿੰਪੀ ਜਦੋਂ ਸਵੇਰੇ ਅੱਠ ਵਜੇ ਕਿਸੇ ਕੰਮ ਵਲੋਂ ਉਸ ਦੇ ਘਰ ਗਈ ਤਾਂ ਉਸ ਨੂੰ ਪੱਖੇ ਨਾਲ ਲਟਕਦੀ ਮੰਜੂ ਦੀ ਲਾਸ਼ ਮਿਲੀ। ਉਸ ਦੇ ਰੌਲਾ ਪਾਉਣ 'ਤੇ ਆਸਪਾਸ ਦੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮਿ੍ਤਕਾ ਦੇ ਪਿਤਾ ਸੇਵਾਰਾਮ, ਚਾਚਾ ਕਰਨੈਲ ਅਤੇ ਡੈਨੀਰਾਮ ਦੇ ਨਾਲ ਹੀ ਮਿ੍ਤਕਾ ਦੇ ਸਹੁਰਾ ਦੇਬਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਦਾ ਪੁੱਤਰ ਮੰਜੂ ਨੂੰ ਪ੍ਰਤਾੜਿਤ ਕਰਦਾ ਸੀ ਅਤੇ ਧਮਕੀ ਦਿੰਦਾ ਸੀ ਕਿ ਮੈਂ ਦੂਜਾ ਵਿਆਹ ਕਰ ਲਵਾਂਗਾ। ਘਟਨਾ ਸਥਾਨ ਤੋਂ ਮਿ੍ਤਕਾ ਮੰਜੂ ਦੇ ਵਲੋਂ ਲਿਖਿਆ ਗਿਆ ਖੁਦਕੁਸ਼ੀ ਨੋਟ ਵੀ ਮਿਲਿਆ, ਜਿਸ 'ਤੇ ਉਸ ਨੇ ਆਪਣੇ ਪੇਕੇ ਪਰਿਵਾਰ ਨੂੰ ਆਪਣੇ ਦੋਵਾਂ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਨੂੰ ਕਿਹਾ ਹੈ ਅਤੇ ਆਪਣੇ ਬੱਚਿਆਂ ਨੂੰ ਲਿਖਿਆ ਹੈ ਕਿ ਉਹ ਵੀ ਆਪਣੇ ਪਿਤਾ ਨੂੰ ਕਦੇ ਨਾ ਮਿਲਣ।

ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ

ਪੁਲਿਸ ਨੇ ਦੱਸਿਆ ਕਿ ਖੁਦਕੁਸ਼ੀ ਨੋਟ ਦੇ ਮੁਤਾਬਕ ਮਿ੍ਤਕਾ ਮੰਜੂ ਦੇ ਪਤੀ ਮੰਗਲ, ਸੱਸ ਗੇਬੋ, ਸਹੁਰਾ ਦੇਬਾ ਅਤੇ ਨਨਾਣ ਰੇਖਾ ਨੂੰ ਉਸ ਦੀ ਮੌਤ ਦਾ ਜ਼ਿੰਮੇਦਾਰ ਦੱਸਿਆ ਗਿਆ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਬਾਬਾ ਬਕਾਲਾ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।