ਪ੍ਰਤਾਪ ਸਿੰਘ, ਤਰਨਤਾਰਨ : ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਭੁੱਲਰ 'ਚ ਇਕ ਔਰਤ ਨੂੰ ਘਰੋਂ ਚੁੱਕ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਫਿਰ ਜ਼ਖ਼ਮੀ ਹਾਲਤ 'ਚ ਪਿੰਡ ਦੇ ਅੱਡੇ 'ਤੇ ਸੁੱਟ ਜਾਣ ਦੀ ਘਟਨਾ ਸਾਹਮਣੇ ਆਈ ਹੈ। ਹਮਲਾਵਰਾਂ ਵੱਲੋਂ ਔਰਤ ਦੇ 9 ਸਾਲ ਦੇ ਲੜਕੇ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਚਿੱਟੇ ਦਿਨ ਕੀਤੀ ਗਈ ਗੁੰਡਾਗਰਦੀ ਦੀ ਪਿੰਡ ਦੇ ਹੀ ਕੁਝ ਲੋਕਾਂ ਨੇ ਵੀਡੀਓ ਬਣਾ ਲਈ। ਸੂਚਨਾ ਮਿਲਦੇ ਹੀ ਪਿੰਡ ਪਹੁੰਚੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਔਰਤ ਸਿਵਲ ਹਸਪਤਾਲ ਤਰਨਤਾਰਨ ਵਿਖੇ ਜ਼ੇਰੇ ਇਲਾਜ ਹੈ।

ਸਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਭੁੱਲਰ ਨੇ ਦੱਸਿਆ ਕਿ 100 ਕੇਵੀ ਦੇ ਟਰਾਂਸਫਾਰਮਰ 'ਤੇ ਅੱਠ ਬੰਬੀਆਂ ਚੱਲਦੀਆਂ ਹਨ। ਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਦੋ ਧਿਰਾਂ ਵਿਚ ਜ਼ਮੀਨੀ ਝਗੜਾ ਚੱਲਦਾ ਆ ਰਿਹਾ ਹੈ। ਇਕ ਮਹੀਨਾ ਪਹਿਲਾਂ ਇਕ ਧਿਰ ਨੇ ਟਰਾਂਫਾਰਮਰ ਬੰਦ ਕਰਨ ਦੀ ਕਥਿਤ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਉਸ ਨੇ ਰੋਕਿਆ ਪਰ ਅੱਗੋ ਉਨ੍ਹਾਂ ਸੰਗਲ ਬਿਜਲੀ ਦੀਆਂ ਤਾਰਾਂ 'ਤੇ ਸੁੱਟ ਦਿੱਤਾ ਜਿਸ ਕਾਰਨ ਟਰਾਂਸਫਾਰਮਰ ਸੜ ਗਿਆ।

ਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਦੀ ਸ਼ਿਕਾਇਤ 'ਤੇ ਟਰਾਂਸਫਾਰਮਰ ਸਾੜਨ ਵਾਲੀ ਧਿਰ ਨੂੰ ਇਕ ਲੱਖ ਤੋਂ ਵੱਧ ਦਾ ਜੁਰਮਾਨਾ ਪਾਵਰਕਾਮ ਵੱਲੋਂ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਐਤਵਾਰ ਸਵੇਰੇ ਉਸ ਦੀ ਪਤਨੀ ਕੰਵਲਜੀਤ ਕੌਰ, ਲੜਕਾ ਅਕਾਸ਼ਦੀਪ ਸਿੰਘ (13) ਅਤੇ ਸਿਮਰਜੋਤ ਸਿੰਘ (9) ਘਰ ਵਿਚ ਮੌਜੂਦ ਸੀ ਕਿ ਇਕ ਗੱਡੀ ਅਤੇ ਦੋ ਟਰੈਕਟਰਾਂ 'ਤੇ ਸਵਾਰ ਲੋਕਾਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰਦਿਆਂ ਉਸ ਦੀ ਪਤਨੀ ਨੂੰ ਕੁੱਟਮਾਰ ਕਰਕੇ ਗੱਡੀ ਵਿਚ ਬਿਠਾ ਲਿਆ ਜਦੋਂਕਿ ਉਸ ਦੇ ਲੜਕੇ ਸਿਮਰਜੋਤ ਸਿੰਘ ਨੂੰ ਵੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਲੜਕੇ ਨੂੰ ਉਨ੍ਹਾਂ ਤੋਂ ਛੁਡਾ ਲਿਆ। ਹਮਲਾਵਰਾਂ ਨੇ ਉਸ ਦੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਪਿੰਡ ਦੇ ਅੱਡੇ 'ਤੇ ਸੁੱਟ ਦਿੱਤਾ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਸੱਚਾਈ ਸਾਹਮਣੇ ਆਵੇਗੀ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ।