ਪੱਤਰ ਪੇ੍ਰਕ, ਅੰਮ੍ਰਿਤਸਰ : ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚ ਕੇ ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਤੱਤਾਂ ਅਤੇ ਭਾਰਤ ਵਿਚ ਰਹਿ ਕੇ ਖ਼ੁਦ ਨੂੰ ਗ਼ੁਲਾਮ ਦੱਸਣ ਵਾਲੀਆਂ ਅਖੌਤੀ ਜਥੇਬੰਦੀਆਂ ਨੂੰ ਨਿਸ਼ਾਨੇ ’ਤੇ ਲਿਆ।

ਬਿੱਟਾ ਨੇ ਕਿਹਾ ਕਿ ਜਿਹੜੇ ਵਿਅਕਤੀ ਖ਼ਾਲਿਸਤਾਨ ਦੇ ਨਾਂ ’ਤੇ ਅਖੌਤੀ ਆਜ਼ਾਦੀ ਮੰਗ ਰਹੇ ਹਨ, ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਕਿਹੜੀ ਆਜ਼ਾਦੀ ਚਾਹੁੰਦੇ ਹਨ? ਜਦਕਿ ਭਾਰਤ ਨੇ ਸਾਨੂੰ ਸਭ ਕੁਝ ਦਿੱਤਾ ਹੈ। ਭਾਰਤ ਵਿਚ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਨੇਵੀ ਦਾ ਚੀਫ, ਫ਼ੌਜ ਦਾ ਮੁਖੀ, ਸਾਰੇ ਉੱਚ ਅਹੁਦਿਆਂ ’ਤੇ ਸਿੱਖ ਸੇਵਾਵਾਂ ਦੇ ਚੁੱਕੇ ਹਨ। ਇਸ ਦੇ ਬਾਵਜੂਦ ਕੁਝ ਤੱਤ ਸ਼ਾਂਤ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਕੁਝ ਸ਼ਰਾਰਤੀ ਅਨਸਰਾਂ ਨੇ ਸਿਆਸੀ ਦੁਕਾਨਦਾਰੀ ਚਲਾਉਣ ਲਈ ਭੜਕਾਊ ਭਾਸ਼ਣ ਦਿੱਤੇ ਸਨ। ਜਿਸ ਕਾਰਨ 18-20 ਸਾਲਾਂ ਦੇ ਨੌਜਵਾਨਾਂ ਕੋਲ ਹਥਿਆਰ ਆ ਗਏ ਸਨ ਤੇ ਸੈਂਕੜੇ ਘਰਾਂ ਦੇ ਚਿਰਾਗ਼ ਬੁਝ ਗਏ ਸਨ ਪੰਜਾਬ ਅੱਤਵਾਦ ਦੀ ਲਪੇਟ ’ਚ ਆ ਗਿਆ। ਹੁਣ ਫਿਰ ਖ਼ਾਲਿਸਤਾਨ ਦੇ ਨਾਂ ’ਤੇ ਇਹ ਲੋਕ ਪੰਜਾਬ ਦੀ ਜਵਾਨੀ ਦਾ ਘਾਣ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੇ ਨਾਲ ਹੀ ਹਾਲ ਹੀ ’ਚ ‘‘ਵਾਰਿਸ ਪੰਜਾਬ ਦੇ’’ ਸੰਸਥਾ ਦੇ ਪ੍ਰਧਾਨ ਬਣੇ ਅੰਮ੍ਰਿਤਪਾਲ ਦੇ ਮਾਮਲੇ ’ਤੇ ਉਨ੍ਹਾਂ ਸਾਫ਼ ਕਿਹਾ, ‘‘ਇਨ੍ਹਾਂ ਅਨਸਰਾਂ ਨੂੰ ਵਿਦੇਸ਼ਾਂ ਤੋਂ ਫੰਡ ਮਿਲ ਰਹੇ ਹਨ, ਜੇਕਰ ਇਹ ਲੋਕ ਬਹਾਦਰ ਹਨ ਤਾਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਖਤਮ ਕਰਨ ਜਿਨ੍ਹਾਂ ਨੇ ਪੰਜਾ ਸਾਹਿਬ ਦਾ ਅਪਮਾਨ ਕੀਤਾ ਹੈ। ਉਥੇ ਜਾ ਕੇ ਉਨ੍ਹਾਂ ਤੋਂ ਬਦਲਾ ਲਓ। ਸਰਦਾਰ ਬਿੱਟਾ ਨੇ ਕਿਹਾ ਅੰਮ੍ਰਿਤਪਾਲ ਖੁਦ ਵਿਦੇਸ਼ ਤੋਂ ਆਇਆ ਹੈ ਤੇ ਉਥੋਂ ਫੰਡ ਪ੍ਰਾਪਤ ਕਰਦਾ ਰਿਹਾ ਹੈ।

ਬੰਦੀ ਸਿੱਖ ਮੌਤ ਦੇ ਸੌਦਾਗਰ

ਮਨਿੰਦਰਜੀਤ ਸਿੰਘ ਬਿੱਟਾ ਨੇ ਬੰਦੀ ਸਿੱਖਾਂ ਦੀ ਰਿਹਾਈ ’ਤੇ ਕਿਹਾ, ‘‘ਇਹ ਲੋਕ ਮੌਤ ਦੇ ਸੌਦਾਗਰ ਹਨ। ਇਨ੍ਹਾਂ ਕਾਤਲਾਂ ਨੇ ਬਿਨਾਂ ਕਾਰਨ 36000 ਬੇਕਸੂਰ ਹਿੰਦੂਆਂ ਨੂੰ ਮਾਰ ਦਿੱਤਾ ਸੀ। ਸਿੱਖ ਕੌਮ ਦਾ ਇਤਿਹਾਸ ਬਹੁਤ ਮਹਾਨ ਹੈ ਪਰ ਇਹ ਦੱਸਣ ਕਿ ਬੇਦੋਸ਼ੇ ਹਿੰਦੂਆਂ ਨੂੰ ਕਿਉਂ ਮਾਰਿਆ? ਉਨ੍ਹਾਂ ਕਿਹਾ ਕਿ ਧਰਮ ਦਾ ਪ੍ਰਚਾਰ ਕਰਨ ਦੀ ਜ਼ਰੂਰਤ ਹੈ, ਨਫ਼ਰਤ ਨਾ ਫੈਲਾਈ ਜਾਵੇ।

Posted By: Jagjit Singh