ਬੱਲੂ ਮਹਿਤਾ, ਪੱਟੀ : ਸਰਕਾਰਾਂ ਨਿੱਤ ਦਿਨ ਅਖ਼ਬਾਰਾਂ ਵਿਚ ਹਾਲ ਦੁਹਾਈ ਦੇ ਰਹੀਆਂ ਹਨ ਕਿ ਕੁਦਰਤ ਦੀ ਬਖ਼ਸ਼ੀ ਅਨਮੋਲ ਦਾਤ ਪਾਣੀ ਨੰੂ ਬਚਾ ਕੇ ਰੱਖੋ ਤੇ ਇਸ ਨੰੂ ਅਜਾਈਂ ਨਾ ਜਾਣ ਦਿਉ ਕਿਉਂਕਿ ਪਾਣੀ ਦਾ ਪੱਧਰ ਦਿਨੋਂ- ਦਿਨ ਘਟਦਾ ਜਾ ਰਿਹਾ ਹੈ। ਜੇ ਅਸੀਂ ਇਸ ਨੂੰ ਸਾਵਧਾਨੀ ਨਾਲ ਨਾ ਵਰਤਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਅਸੀਂ ਰਾਜਸਥਾਨ ਵਾਂਗ ਪਾਣੀ ਨੰੂ ਤਰਸਣ ਲੱਗ ਜਾਵਾਂਗੇ। ਇਸ ਦੇ ਉਲਟ ਸਰਕਾਰੀ ਅਦਾਰੇ ਤੇ ਲੋਕ ਪਾਣੀ ਦੀ ਸੰਭਾਲ ਨਾ ਕਰਦੇ ਹੋਏ ਅੰਨੇ੍ਹਵਾਹ ਜ਼ਾਇਆ ਕਰ ਰਹੇ ਹਨ, ਜਿਸ ਦੀ ਮਿਸਾਲ ਰੇਲਵੇ ਸਟੇਸ਼ਨ ਪੱਟੀ ਦੇ ਸਰਕਾਰੀ ਕੁਆਰਟਰਾਂ ਦੇ ਬਾਹਰ ਬਣੀ ਵਿਭਾਗ ਦੀ ਪਾਣੀ ਦੀ ਟੈਂਕੀ ਤੋਂ ਮਿਲਦੀ ਹੈ। ਇੱਥੇ ਹਜ਼ਾਰਾਂ ਲੀਟਰ ਪਾਣੀ ਅਜਾਈਂ ਜਾ ਰਿਹਾ ਹੈ। ਵਿਭਾਗ ਦੀ ਇਸ ਟੈਂਕੀ ਤੋਂ ਉੱਪਰੋਂ ਟੀਨਾਂ ਟੁੱਟੀਆਂ ਹੋਈਆਂ ਹਨ ਅਤੇ ਪਾਣੀ ਵਿਚ ਪੰਛੀ ਡਿੱਗ ਕੇ ਮਰ ਰਹੇ ਹਨ। ਇਸ ਟੈਂਕੀ ਨੰੂ ਪਾਣੀ ਸਪਲਾਈ ਕਰਨ ਵਾਲੀ ਪਾਈਪ ਪਿਛਲੇ ਕਾਫੀ ਸਮੇਂ ਤੋਂ ਟੁੱਟੀ ਹੋਣ ਕਾਰਨ ਰੋਜ਼ਾਨਾ ਹੀ ਸੈਂਕੜੇ ਲੀਟਰ ਪਾਣੀ ਬਰਬਾਦ ਹੋ ਰਿਹਾ ਹੈ।

ਇਸ ਰੇਲਵੇ ਟਰੈਕ ਦੇ ਨੇੜੇ ਸਵੇਰੇ ਸ਼ਾਮ ਸੈਰ ਕਰਨ ਵਾਲੇ ਆਉਂਦੇ ਸ਼ਹਿਰ ਵਾਸੀ ਪਿ੍ੰ. ਮਰਵਾਹ, ਡਾ. ਹਰਬੰਸ ਸਿੰਘ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਰੋਜ਼ਾਨਾ ਇੱਥੇ ਸੈਰ ਕਰਨ ਲਈ ਆਉਂਦੇ ਹਨ। ਇਸ ਟੈਂਕੀ ਵਿਚੋਂ ਲਗਾਤਾਰ ਕਈ -ਕਈ ਘੰਟੇ ਪਾਣੀ ਅਜਾਈਂ ਹੀ ਵਹਿ ਰਿਹਾ ਹੁੰਦਾ ਹੈ ਤੇ ਅਜਿਹਾ ਕਰੀਬ ਤਿੰਨ ਮਹੀਨੇ ਤੋਂ ਹੋ ਰਿਹਾ ਹੈ। ਇਸ ਦੇ ਆਲੇ-ਦੁਆਲੇ ਜਗ੍ਹਾ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ ਪਰ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਦਾ ਇਸ ਪਾਸੇ ਧਿਆਨ ਨਹੀਂ।

ਜਦੋਂ ਇਸ ਸਬੰਧੀ ਵਾਟਰ ਸਪਲਾਈ ਵਾਲੀ ਮੋਟਰ ਨੰੂ ਚਲਾਉਣ ਵਾਲੇ ਮਕੈਨਿਕ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਨੂੰ ਲਿਖ ਕੇ ਭੇਜਿਆ ਹੈ।

ਜਲਦ ਹੋ ਜਾਵੇਗਾ ਹੱਲ : ਵਾਟਰ ਸਪਲਾਈ ਹੈੱਡ

ਇਸ ਸਬੰਧੀ ਵਾਟਰ ਸਪਲਾਈ ਹੈੱਡ ਸਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਟੈਂਕੀ ਦੀਆਂ ਤਿੰਨੋਂ ਟੀਨਾਂ ਟੁੱਟੀਆਂ ਹਨ, ਜਿਸ ਕਾਰਨ ਇਸ ਵਿਚ ਪੰਛੀ ਡਿੱਗ ਕੇ ਮਰ ਰਹੇ ਹਨ। ਨਵੀਂ ਟੈਂਕੀ ਲਈ ਅਪਰੂਵਲ ਭੇਜੀ ਗਈ ਹੈ। ਚਾਰ ਦਿਨ ਤਕ ਨਵੀਂ ਟੈਂਕੀ ਦਾ ਕੰਮ ਸ਼ੁਰੂ ਹੋ ਜਾਵੇਗਾਤੇ ਟੈਂਕੀ ਦੇ ਵਗਦੇ ਪਾਣੀ ਦਾ ਜਲਦ ਹੱਲ ਹੋ ਜਾਵੇਗਾ।