ਜੇਐੱਨਐੱਨ, ਅੰਮ੍ਰਿਤਸਰ : ਭਾਰਤ-ਪਾਕਿਸਤਾਨ ਨੂੰ ਵੰਡਣ ਵਾਲੀ ਕੌਮਾਂਤਰੀ ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਨੂੰ ਹੁਣ ਸੈਲਾਨੀ ਮੁੜ ਵੇਖ ਸਕਣਗੇ। ਹਾਲਾਂਕਿ, ਇਸ ਲਈ ਕੁਝ ਸ਼ਰਤਾਂ ਨੂੰ ਪੂਰਾ ਕਰਨਾ ਪਵੇਗਾ। ਬੀਐੱਸਐੱਫ਼ ਨੇ ਕੁਝ ਨਿਯਮਾਂ ਨਾਲ ਲੋਕਾਂ ਨੂੰ ਰੀਟਰੀਟ ਵੇਖਣ ਦੀ ਆਗਿਆ ਦਿੱਤੀ ਹੈ। ਸਿਰਫ਼ ਉਹੀ ਲੋਕ ਰੀਟਰੀਟ ਵੇਖ ਸਕਣਗੇ, ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਬੀਐੱਸਐੱਫ਼ ਦੀ ਟੀਮ ਅਟਾਰੀ ਸਰਹੱਦ ’ਤੇ ਆਉਣ ਵਾਲੇ ਲੋਕਾਂ ਦੇ ਵੈਕਸੀਨ ਸਰਟੀਫਿਕੇਟ ਚੈੈੱਕ ਕਰੇਗੀ। ਇਸ ਤੋਂ ਬਾਅਦ ਹੀ ਅੰਦਰ ਜਾਣ ਦੀ ਆਗਿਆ ਮਿਲੇਗੀ। ਇਸ ਦੌਰਾਨ ਹਰ ਸੈਲਾਨੀ ਦਾ ਥਰਮੋ ਸਕੈਨਿੰਗ ਨਾਲ ਟੈਸਟ ਕੀਤਾ ਜਾਵੇਗਾ।

5 ਜਨਵਰੀ ਨੂੰ ਦੁਬਾਰਾ ਲਾ ਦਿੱਤੀ ਗਈ ਸੀ ਪਾਬੰਦੀ

ਜ਼ਿਕਰਯੋਗ ਹੈ ਕਿ ਇਸੇ ਵਰ੍ਹੇ 5 ਜਨਵਰੀ ਨੂੰ ਕੋਰੋਨਾ ਦਾ ਕਹਿਰ ਵਧਣ ਦੇ ਨਾਲ ਹੀ ਰੀਟਰੀਟ ਸੈਰੇਮਨੀ ’ਚ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਾਈ ਗਈ ਸੀ। ਅਟਾਰੀ-ਵਾਹਗਾ ਬਰਡਾਰ ’ਤੇ ਹਰ ਦਿਨ ਸ਼ਾਮ ਨੂੰ ਰੀਟਰੀਟ ਸੈਰੇਮਨੀ ਹੁੰਦੀ ਹੈ। ਇਸ ’ਚ ਬੀਐੱਸਐੱਫ ਦੇ ਜਵਾਨ ਅਤੇ ਪਾਕਿਸਤਾਨ ਵੱਲੋਂ ਉੱਥੋਂ ਦੇ ਜਵਾਨ ਹਿੱਸਾ ਲੈਂਦੇ ਹਨ। ਇਸ ’ਚ ਵੱਡੀ ਗਿਣਤੀ ’ਚ ਦੋਵੇਂ ਦੇਸ਼ਾਂ ਦੀਆਂ ਦਰਸ਼ਕ ਦੀਰਘਾਵਾਂ ’ਚ ਲੋਕ ਮੌਜੂਦ ਰਹਿੰਦੇ ਹਨ। ਪਰ ਇਸ ਤੋਂ ਪਹਿਲਾਂ 17 ਸਤੰਬਰ ਨੂੰ ਰੀਟਰੀਟ ਸੈਰੇਮਨੀ ’ਚ 300 ਦਰਸ਼ਕਾਂ ਦੀ ਆਗਿਆ ਦਿੱਤੀ ਗਈ ਸੀ। ਉਸ ਸਮੇਂ ਤੋਂ ਦਰਸ਼ਕਾਂ ਦੀ ਇਹੀ ਹੱਦ ਜਾਰੀ ਸੀ।

ਕਦੋਂ-ਕਦੋਂ ਲੱਗੀਆਂ ਪਾਬੰਦੀਆਂ, ਕਦੋਂ ਮਿਲੀ ਛੋਟ

-7 ਮਾਰਚ, 2020 ਨੂੰ ਬੀਐੱਸਐੱਫ ਨੇ ਸਾਂਝੀ ਪਰੇਡ ਬੰਦ ਕੀਤੀ। ਪਾਬੰਦੀ ਦੇ ਸਮੇਂ ’ਚ ਬੀਐੱਸਐੱਫ ਜਵਾਨ ਪੰਜ ਮਿੰਟ ਦੀ ਪਰੇਡ ਤੋਂ ਬਾਅਦ ਸਨਮਾਨਪੂਰਵਕ ਰਾਸ਼ਟਰੀ ਝੰਡਾ ਉਤਾਰਨ ਦੀ ਰਸਮ ਨਿਭਾਉਂਦੇ ਸਨ।

-17 ਸਤੰਬਰ 2021 ਨੂੰ ਬੀਐੱਸਐੱਫ ਨੇ 300 ਦਰਸ਼ਕਾਂ ਨੂੰ ਰੀਟਰੀਟ ਸੈਰੇਮਨੀ ਵੇਖਣ ਦੀ ਇਜਾਜ਼ਤ ਦਿੱਤੀ। ਇਸ ਲਈ ਰਜਿਸਟਰੇਸ਼ਨ ਕਰਵਾਉਣਾ ਪੈਂਦਾ ਸੀ।

-ਦਸੰਬਰ 2021 ’ਚ ਬੀਐੱਸਐੱਫ ਨੇ 300 ਲੋਕਾਂ ਦੀ ਹੱਦ ਵੀ ਖਤਮ ਕਰ ਦਿੱਤੀ। ਇਸ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਰੀਟਰੀਟ ਵੇਖਣ ਪਹੁੰਚ ਰਹੇ ਸਨ।

-5 ਜਨਵਰੀ 2022 ਜ਼ਿਲ੍ਹਾ ਪ੍ਰਸ਼ਾਸਨ ਨੇ ਬੀਐੱਸਐੱਫ ਨੂੰ 50 ਫ਼ੀਸਦੀ ਸਮਰੱਥਾ ਨਾਲ ਰੀਟਰੀਟ ਸੈਰੇਮਨੀ ’ਚ ਐਂਟਰੀ ਦੇਣ ਨੂੰ ਕਿਹਾ ਪਰ ਬਲ ਨੇ ਇਸ ਨੂੰ ਬੰਦ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਭਾਰਤ ਦੇ ਅਟਾਰੀ ਅਤੇ ਪਾਕਿਸਤਾਨ ਦੇ ਵਾਹਗਾ ਬਾਰਡਰ ’ਤੇ ਹਰ ਦਿਨ ਸ਼ਾਮ ਨੂੰ ਰੀਟਰੀਟ ਸੈਰੇਮਨੀ ਹੁੰਦੀ ਹੈ। ਇਸ ’ਚ ਬੀਐੱਸਐੱਫ ਬਲ ਦੇ ਜਵਾਨ ਅਤੇ ਪਾਕਿ ਰੇਂਜਰਜ਼ ਹਿੱਸਾ ਲੈਂਦੇ ਹਨ। ਇਸ ਨੂੰ ਵੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਪੁੰਚਦੇ ਹਨ। ਆਮ ਦਿਨਾਂ ’ਚ ਦੋਵੇਂ ਪਾਸਿਓਂ ਦਰਸ਼ਕ ਦੀਰਘ ਫੁੱਲ ਰਹਿੰਦੀ ਹੈ।

Posted By: Jagjit Singh