ਜੇਐੱਨਐੱਨ, ਅੰਮਿ੍ਤਸਰ : ਗਰਭਵਤੀ ਮਹਿਲਾ ਦੀ ਡਲਿਵਰੀ ਦਾ ਵੀਡੀਓ ਸ਼ੂਟ ਮਾਮਲਾ ਸਿਹਤ ਵਿਭਾਗ ਦੇ ਗਲੇ ਦੀ ਹੱਡੀ ਬਣ ਚੁੱਕਿਆ ਹੈ। ਖਾਸ ਤੌਰ 'ਤੇ ਅੰਮਿ੍ਤਸਰ ਦੇ ਸਾਬਕਾ ਸਿਵਲ ਸਰਜਨ ਡਾ. ਨਵਦੀਪ ਸਿੰਘ 'ਤੇ ਕਮਿਸ਼ਨ ਸਖ਼ਤ ਹੈ। ਬੁੱਧਵਾਰ ਨੂੰ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਚੰਡੀਗੜ੍ਹ ਵਿਚ ਮਾਮਲੇ ਦੀ ਸੁਣਵਾਈ ਦੁਬਾਰਾ ਸ਼ੁਰੂ ਕੀਤੀ। ਇਸ ਦੌਰਾਨ ਸਿਵਲ ਹਸਪਤਾਲ ਅੰਮਿ੍ਤਸਰ ਵਿਚ ਕਾਰਜ ਅਧੀਨ ਚਾਰ ਗਾਇਨੀ ਡਾਕਟਰ ਵੀ ਕਮਿਸ਼ਨ ਦੇ ਸਨਮੁੱਖ ਪੇਸ਼ ਹੋਈਆਂ। ਮਨੀਸ਼ਾ ਗੁਲਾਟੀ ਨੇ ਚਾਰਾਂ ਗਾਇਨੀ ਡਾਕਟਰਾਂ ਕੋਲੋਂ ਕੋਈ ਸਵਾਲ ਜਵਾਬ ਨਹੀਂ ਕੀਤਾ। ਸਿਰਫ ਇੰਨਾ ਕਿਹਾ ਕਿ ਉਨ੍ਹਾਂ ਨੂੰ 24 ਨਵੰਬਰ ਨੂੰ ਕਮਿਸ਼ਨ ਨੇ ਆਉਣ ਨੂੰ ਕਿਹਾ ਸੀ, ਉਹ ਨਹੀਂ ਆਏ, ਇਸ ਲਈ ਅੱਜ ਸਿਰਫ ਉਨ੍ਹਾਂ ਦੀ ਹਾਜ਼ਰੀ ਦਰਜ ਕੀਤੀ ਜਾ ਰਹੀ ਹੈ। ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਕ ਉਨ੍ਹਾਂ ਨੂੰ ਦੱਸ ਦਿੱਤੀ ਜਾਵੇਗੀ। ਉਦੋਂ ਉਨ੍ਹਾਂ ਨੂੰ ਹਰ ਹਾਲ ਵਿਚ ਪੇਸ਼ ਹੋਣਾ ਹੋਵੇਗਾ। ਸੁਣਵਾਈ ਵਿਚ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਪ੍ਰਭਦੀਪ ਕੌਰ ਜੌਹਲ ਅਤੇ ਡਾ. ਨਵਦੀਪ ਸਿੰਘ ਵੀ ਪੁੱਜੇ ਸਨ। ਮਨੀਸ਼ਾ ਗੁਲਾਟੀ ਨੇ ਡਾਇਰੈਕਟਰ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਸਟੇਟ ਜਾਂਚ ਕਮੇਟੀ ਬਣਾਈ ਹੈ। ਇਸ ਕਮੇਟੀ ਦੀ ਰਿਪੋਰਟ ਜਲਦ ਜਾਰੀ ਕੀਤੀ ਜਾਵੇ। ਜਾਂਚ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਜੋ ਸਬੂਤ ਉਨ੍ਹਾਂ ਨੂੰ ਮਿਲੇ ਹਨ, ਉਸ ਤੋਂ ਤਾਂ ਸਪੱਸ਼ਟ ਹੈ ਕਿ ਡਾ . ਨਵਦੀਪ ਸਿੰਘ ਨੇ ਲੇਬਰ ਰੂਮ ਵਿਚ ਵੀਡੀਓ ਬਣਵਾ ਕੇ ਗਰਭਵਤੀ ਮਹਿਲਾ ਦੇ ਨਿੱਜਤਾ ਦੇ ਅਧਿਕਾਰਾਂ ਦਾ ਹਨਨ ਕੀਤਾ ਹੈ। ਬਾਕੀ ਸਟੇਟ ਕਮੇਟੀ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਹੈ।

ਵੀਰਵਾਰ ਨੂੰ ਅੰਮਿ੍ਤਸਰ ਪੁੱਜੇਗੀ ਸਟੇਟ ਕਮੇਟੀ

ਸਿਹਤ ਵਿਭਾਗ ਵੱਲੋਂ ਗਠਿਤ ਸਟੇਟ ਕਮੇਟੀ ਵੀਰਵਾਰ ਸਵੇਰੇ ਸਿਵਲ ਹਸਪਤਾਲ ਪਹੁੁੰਚੇਗੀ। ਇਸ ਟੀਮ ਵਿਚ ਸਿਹਤ ਵਿਭਾਗ ਦੇ ਦੋ ਡਿਪਟੀ ਡਾਇਰੈਕਟਰ ਅਤੇ ਸਕੱਤਰੇਤ ਦਾ ਇਕ ਅਧਿਕਾਰੀ ਸ਼ਾਮਲ ਹੈ। ਕਮੇਟੀ ਦੇ ਮੈਂਬਰ ਗਾਇਨੀ ਵਿਭਾਗ ਦੀਆਂ ਡਾਕਟਰਾਂ ਸਮੇਤ ਐੱਸਐੱਮਓ ਕੋਲੋਂ ਵੀ ਮਾਮਲੇ ਦਾ ਵੇਰਵਾ ਲੈਣਗੇ। ਇਸ ਦੌਰਾਨ ਪੀੜਤ ਪਰਿਵਾਰ ਨੂੰ ਵੀ ਬੁਲਾਇਆ ਜਾ ਸਕਦਾ ਹੈ।