ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਪੀੜਤ ਅਤੀ ਗੰਭੀਰ ਮਰੀਜ਼ਾਂ ਨੂੰ ਸਾਹ ਦੇਣ ਲਈ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਭਾਰਤ 'ਚ ਬਣੇ ਵੈਂਟੀਲੇਟਰਾਂ ਨੂੰ 'ਸਾਹ' ਦੇਣ ਲਈ ਤਕਨੀਕੀ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਗੁਰੂ ਨਾਨਕ ਦੇਵ ਹਸਪਤਾਲ ਵਿਚ ਸਤੰਬਰ 2020 ਤੋਂ ਬਾਅਦ ਲਗਾਤਾਰ 137 ਵੈਂਟੀਲੇਟਰਸ ਭੇਜੇ ਗਏ ਸਨ। ਇਨ੍ਹਾਂ ਵਿਚੋਂ ਸਿਰਫ਼ 40 ਦੇ ਹੀ ਸਾਹ ਚੱਲ ਰਹੇ ਸਨ। ਯਾਨੀ ਬਾਕੀ 97 ਵੈਂਟੀਲੇਟਰਸ ਕਬਾੜ ਦੀ ਤਰ੍ਹਾਂ ਪਏ ਰਹੇ। ਕੋਰੋਨਾ ਕਾਲ ਵਿਚ ਵੈਂਟੀਲੇਟਰਾਂ ਦੀ ਉਪਯੋਗਤਾ ਕਿਸੇ ਤੋਂ ਲੁਕੀ ਨਹੀਂ ਹੈ। ਅੰਤਿਮ ਸਾਹਾਂ 'ਤੇ ਪਹੁੰਚ ਚੁੱਕੇ ਅਤੀ ਗੰਭੀਰ ਕੋਰੋਨਾ ਮਰੀਜ਼ਾਂ ਦੇ ਸਾਹ ਸਹੇਜਣ ਵਿਚ ਇਹ ਸਮੱਗਰੀ ਉੇਪਕਰਨ ਬੇਹੱਦ ਪ੍ਰਭਾਵੀ ਮੰਨਿਆ ਜਾਂਦਾ ਹੈ। ਅਫ਼ਸੋਸਨਾਕ ਪੱਖ ਇਹ ਰਿਹਾ ਕਿ ਜਿਨ੍ਹਾਂ ਤਿੰਨ ਕੰਪਨੀਆਂ ਨੇ ਇਹ ਵੈਂਟੀਲੇਟਰ ਭੇਜੇ ਸਨ, ਉਨ੍ਹਾਂ ਨੂੰ ਹਸਪਤਾਲ ਪ੍ਰਸ਼ਾਸਨ ਨੇ ਕਈ ਵਾਰ ਈਮੇਲ ਭੇਜ ਕੇ ਤੇ ਫੋਨ ਕਰ ਕੇ ਇਨ੍ਹਾਂ ਨੂੰ ਠੀਕ ਕਰਨ ਨੂੰ ਕਿਹਾ ਪਰ ਇਸ 'ਤੇ ਗੌਰ ਨਹੀਂ ਹੋਇਆ। 'ਪੰਜਾਬੀ ਜਾਗਰਣ' ਨੇ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ। ਬੀਤੇ ਸ਼ੁੱਕਰਵਾਰ ਨੂੰ ਤਿੰਨਾਂ ਕੰਪਨੀਆਂ ਦੇ ਇੰਜੀਨੀਅਰ ਅੰਮਿ੍ਤਸਰ ਪੁੱਜੇ ਅਤੇ ਵੈਂਟੀਲੇਟਰ ਠੀਕ ਕਰਨ ਦੇ ਕੰਮ ਵਿਚ ਜੁੱਟ ਗਏ। ਹਸਪਤਾਲ ਪ੍ਰਸ਼ਾਸਨ ਨੇ ਤਕਨੀਕੀ ਟੀਮ ਨੂੰ ਦੋ ਟੁਕ ਕਿਹਾ ਕਿ ਖ਼ਬਰ ਲੱਗਣ ਤੋਂ ਬਾਅਦ ਆ ਗਏ, ਪਹਿਲਾਂ ਹੀ ਆ ਜਾਂਦੇ। ਇਹ ਇੰਜੀਨੀਅਰਜ਼ ਡੈੱਲ ਕੰਪਨੀ, ਭਾਰਤ ਇਲੈਕਟ੍ਰੋਨਿਕਸ ਅਤੇ ਐਕੁਆ ਕੰਪਨੀ ਦੇ ਹਨ। ਸ਼ੁੱਕਰਵਾਰ ਅਤੇ ਸ਼ਨਿਚਰਵਾਰ ਤਕ ਦਿਨ ਰਾਤ ਕੰਮ ਕਰ ਕੇ ਕੁੱਲ 44 ਵੈਂਟੀਲੇਟਰ ਠੀਕ ਕਰ ਦਿੱਤੇ ਗਏ ਹਨ।

ਇਧਰ, ਬੀਤੇ ਸ਼ੁੱਕਰਵਾਰ ਨੂੰ ਪੀਐੱਮ ਕੇਅਰ ਫੰਡ ਤੋਂ 25 ਨਵੇਂ ਵੈਂਟੀਲੇਟਰ ਵੀ ਹਸਪਤਾਲ ਪ੍ਰਸ਼ਾਸਨ ਨੂੰ ਮਿਲੇ। ਇਨ੍ਹਾਂ ਵਿਚੋਂ ਵੀ ਅੱਠ ਖ਼ਰਾਬ ਨਿਕਲੇ ਹਨ। ਫਿਲਹਾਲ, ਹਸਪਤਾਲ ਵਿਚ ਕੋਵਿਡ ਮਰੀਜ਼ਾਂ ਲਈ ਸਿਰਫ਼ 47 ਵੈਂਟੀਲੇਟਰ ਹੀ ਸਨ। ਹੁਣ 44 ਵੈਂਟੀਲੇਟਰ ਠੀਕ ਹੋਣ ਦੇ ਬਾਅਦ ਕੁੱਲ 81 ਵੈਂਟੀਲੇਟਰ ਹਨ।

ਸੁਲਘਦਾ ਸਵਾਲ

ਖ਼ਰਾਬ ਵੈਂਟੀਲੇਟਰਾਂ ਨੂੰ ਠੀਕ ਕਰ ਦਿੱਤਾ ਗਿਆ, ਪਰ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਇਹ ਫਿਰ ਤੋਂ ਖ਼ਰਾਬ ਨਹੀਂ ਹੋਣਗੇ। ਵੈਂਟੀਲੇਟਰ ਸਪੋਰਟ 'ਤੇ ਰੱਖੇ ਮਰੀਜ਼ ਨੂੰ ਜੇਕਰ ਇਕ ਪਲ ਲਈ ਵੀ ਆਕਸੀਜਨ ਨਹੀਂ ਮਿਲੀ ਤਾਂ ਉਸ ਦੀ ਜਾਨ 'ਤੇ ਬਣ ਆਵੇਗੀ।

ਜੀਐੱਨਡੀਐੱਚ 'ਚ ਲੈਵਲ ਥ੍ਰੀ ਦੇ ਬੈੱਡ ਖ਼ਤਮ

ਕੋਰੋਨਾ ਵਾਇਰਸ ਨੇ ਜਿੱਥੇ ਸ਼ਾਸਨ ਪ੍ਰਸ਼ਾਸਨ ਦੀ ਬੇਚੈਨੀ ਵਧਾ ਦਿੱਤੀ ਹੈ, ਉਥੇ ਹੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਬੈੱਡ ਘੱਟ ਪੈ ਰਹੇ ਹਨ। ਸ਼ਨਿਚਰਵਾਰ ਨੂੰ ਹਸਪਤਾਲ 'ਚ ਲੈਵਲ ਥ੍ਰੀ ਦੇ ਬੈੱਡ ਮਨਫ਼ੀ 22 ਚਲੇ ਗਏ। ਦਰਅਸਲ ਲੈਵਲ ਥ੍ਰੀ ਦੇ ਕੁੱਲ 250 ਬੈੱਡ ਹਨ। ਸਾਰੇ ਫੁੱਲ ਹਨ, ਜਦੋਂ ਕਿ 22 ਨਵੇਂ ਮਰੀਜ਼ ਵੀ ਇੱਥੇ ਦਾਖ਼ਲ ਕੀਤੇ ਗਏ ਹਨ। ਇਹ ਮਰੀਜ਼ ਹਨ ਤਾਂ ਲੈਵਲ ਥ੍ਰੀ ਦੇ, ਪਰ ਇਨ੍ਹਾਂ ਨੂੰ ਲੈਵਲ ਟੂ ਵਿਚ ਰੱਖਿਆ ਗਿਆ ਹੈ। ਲੈਵਲ ਟੂ ਦੇ ਕੁੱਲ 250 ਬੈੱਡਾਂ ਵਿਚ 220 ਹਾਲੇ ਖ਼ਾਲੀ ਹਨ। ਇਨ੍ਹਾਂ 22 ਮਰੀਜ਼ਾਂ ਨੂੰ ਲੈਵਲ ਟੂ ਵਿਚ ਰੱਖ ਕੇ ਲੈਵਲ ਥ੍ਰੀ ਦਾ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਦੀ ਦਲੀਲ ਹੈ ਕਿ ਜਿਵੇਂ-ਜਿਵੇਂ ਲੈਵਲ ਥ੍ਰੀ ਦੇ ਬੈੱਡ ਖ਼ਾਲੀ ਹੁੰਦੇ ਜਾਣਗੇ, ਉਵੇਂ ਹੀ ਇਨ੍ਹਾਂ ਮਰੀਜ਼ਾਂ ਨੂੰ ਉੱਥੇ ਸ਼ਿਫਟ ਕਰ ਦਿੱਤਾ ਜਾਵੇਗਾ।

ਜਿਲ੍ਹੇ ਦੇ 34 ਹਸਪਤਾਲਾਂ 'ਚ ਲੈਵਲ ਥ੍ਰੀ ਦੇ 79 ਬੈੱਡ ਖ਼ਾਲੀ

ਕੋਰੋਨਾ ਕਾਲ ਵਿਚ ਇਹ ਹਾਲਤ ਚਿੰਤਾਜਨਕ ਹਨ, ਕਿਉਂਕਿ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਹਸਪਤਾਲਾਂ ਵਿਚ ਬੈੱਡਾਂ ਦੀ ਕਮੀ ਆਉਣ ਲੱਗੀ ਹੈ। ਪੂਰੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਕੁੱਲ 34 ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਲੈਵਲ ਥ੍ਰੀ ਦੇ 527 ਬੈੱਡ ਰਾਖਵੇਂ ਕੀਤੇ ਗਏ ਹਨ। ਇਨ੍ਹਾਂ ਵਿਚੋਂ 448 'ਤੇ ਮਰੀਜ਼ ਹਨ, ਜਦੋਂ ਕਿ ਸਿਰਫ਼ 79 ਖ਼ਾਲੀ ਹਨ। ਮਹਾਮਾਰੀ ਕਾਲ ਵਿਚ ਲਗਾਤਾਰ ਮਰੀਜ਼ ਵਧ ਰਹੇ ਹਨ। ਮੌਤਾਂ ਦਾ ਗ੍ਰਾਫ ਵੀ ਵਧਿਆ ਹੈ। ਅਜਿਹੇ ਵਿਚ ਥੋੜ੍ਹੀ ਜਿਹੀ ਲਾਪਰਵਾਹੀ ਜੋਖ਼ਮ ਬਣ ਸਕਦੀ ਹੈ।