ਜਾਸ, ਅੰਮ੍ਰਿਤਸਰ : ਪਾਕਿਸਤਾਨ ’ਚ ਹਿੰਦੂਆਂ ’ਤੇ ਅੱਤਿਆਚਾਰ ਤੇ ਮੰਦਰਾਂ ’ਚ ਭੰਨਤੋੜ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਹੁਣ ਮੁਸਲਿਮ ਕੱਟੜਪੰਥੀਆਂ ਨੇ ਪਾਕਿਸਤਾਨ ਦੇ ਸਿੰਧ ਦੇ ਫਜ਼ਲ ਭੰਭੌਰ ਇਲਾਕੇ ਦੇ ਨੌਕੋਟ ’ਚ ਸਥਿਤ ਹਿੰਦੂ ਰਾਮਾਪੀਰ ਮੰਦਿਰ ’ਤੇ ਹਮਲਾ ਕੀਤਾ। ਹਮਲਾਵਰਾਂ ਨੇ ਦੇਵੀ ਮਾਂ ਦੁਰਗਾ ਦੀ ਮੂਰਤੀ ਖੰਡਿਤ ਕੀਤੀ। ਦਾਨ ਪੇਟੀ ਨੂੰ ਤੋੜ ਕੇ ਉਸ ’ਚ ਮੌਜੂਦ ਚੜ੍ਹਾਵੇ ਦੇ ਪੈਸੇ ਲੁੱਟ ਲਏ। ਦਾਨ ਪੇਟੀ ’ਚ ਇਸ ਸਾਲ ਜਨਵਰੀ ਤੋਂ ਜਮ੍ਹਾਂ ਹੋਈ ਰਾਸ਼ੀ ਸੀ। ਇਹ ਘਟਨਾ 29 ਨਵੰਬਰ ਦੀ ਹੈ। ਹਮਲਾਵਰਾਂ ’ਚ ਇਕ ਦੀ ਪਛਾਣ ਸਥਾਨਕ ਬਦਮਾਸ਼ ਉਮਰਜ਼ਾਦ ਦੇ ਰੂਪ ’ਚ ਹੋਈ ਹੈ। ਹਿੰਦੂ ਭਾਈਚਾਰੇ ਨੇ ਇਸ ਘਟਨਾ ਖ਼ਿਲਾਫ਼ ਨੌਕੋਟ ਪੁਲਿਸ ਚੌਕੀ ’ਚ ਸ਼ਿਕਾਇਤ ਦਰਜ ਕਰਵਾਈ ਹੈ। ਅੰਮ੍ਰਿਤਸਰ ਦੇ ਹਿੰਦੂ ਨੇਤਾ ਰਾਜਿੰਦਰ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਹਿੰਦੂ ਸਮਾਜ ’ਚ ਰੋਸ ਹੈ। ਆਖ਼ਰ ਉੱਥੋਂ ਦੀ ਸਰਕਾਰ ਕੀ ਕਰ ਰਹੀ ਹੈ। ਉੱਥੇ ਹਮੇਸ਼ਾ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਬਾਅਦ ’ਚ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ। ਲੱਗਦਾ ਹੈ ਕਿ ਹਮੇਸ਼ਾ ਵਾਂਗ ਇਸ ਘਟਨਾ ’ਚ ਵੀ ਪੁਲਿਸ ਅਪਰਾਧੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰੇਗੀ। ਚੋਰਾਂ ਨੇ ਬੁੱਧਵਾਰ ਨੂੰ ਚਾਂਦੀ ਦੇ ਤਿੰਨ ਹਾਰ ਤੇ ਮੰਦਰ ਦੀ ਦਾਨ ਪੇਟੀ ਤੋਂ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਪੁਲਿਸ ਨੇ ਮੰਦਿਰ ਦੀ ਨਿਗਰਾਨੀ ਕਰਨ ਵਾਲੇ ਭਗਵਾਨ ਦਾਸ ਦੀ ਸ਼ਿਕਾਇਤ ’ਤੇ ਇਸ ਮਾਮਲੇ ’ਚ ਕੇਸ ਦਰਜ ਕੀਤਾ ਹੈ। ਭਗਵਾਨਦਾਸ ਮੁਤਾਬਕ ਚਾਂਦੀ ਦੇ ਤਿੰਨਾਂ ਹਾਰਾਂ ਦਾ ਵਜ਼ਨ 10 ਤੋਲਾ ਸੀ। ਸਾਲ 2019 ’ਚ ਸਿੰਧ ਸੂਬੇ ਦੇ ਘੋਤਕੀ ਇਲਾਕੇ ’ਚ ਕੱਟੜਪੰਥੀਆਂ ਨੇ ਇਕ ਮੰਦਰ ’ਚ ਜੰਮ੍ਹ ਕੇ ਤੋੜ-ਭੰਨ ਕੀਤੀ ਸੀ। ਇਸ ਦੌਰਾਨ ਉੱਥੇ ਮੌਜੂਦ ਪੁਲਿਸ ਤਮਾਸ਼ਬੀਨ ਬਣੀ ਰਹੀ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਪਾਕਿਸਤਾਨ ਦੇ ਕੋਟਰੀ ਸ਼ਹਿਰ ’ਚ ਚੋਰਾਂ ਨੇ ਹਿੰਦੂ ਮੰਦਿਰ ਤੋਂ ਗਹਿਣੇ ਤੇ ਨਕਦੀ ਚੋਰੀ ਕੀਤੇ ਸਨ।

Posted By: Jaswinder Duhra