ਪ੍ਤਾਪ ਸਿੰਘ, ਤਰਨਤਾਰਨ : ਇਤਿਹਾਸਿਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੇ ਨਾਲ ਲੱਗਦੇ ਦਰਿਆਈ ਖੇਤਰ 'ਚੋਂ ਬੇੜੀਆਂ ਰਾਹੀਂ ਲਗਾਤਾਰ ਰੇਤ ਕੱਢੇ ਜਾਣ ਦਾ ਮਾਮਲਾ ਬੇਸ਼ੱਕ ਕਈ ਵਾਰ ਸੁਰਖ਼ੀਆਂ 'ਚ ਆ ਚੁੱਕਾ ਹੈ ਪਰ ਸਥਾਨਕ ਪੁਲਿਸ ਹਾਲੇ ਵੀ ਇਸ ਤੋਂ ਅਣਜਾਣ ਦਿਖਾਈ ਦੇ ਰਹੀ ਹੈ। ਨਾਜਾਇਜ਼ ਮਾਈਨਿੰਗ ਰਾਹੀਂ ਰੇਤ ਤਸਕਰਾਂ ਦੀ ਹੋ ਰਹੀ ਚਾਂਦੀ ਨਾਲ ਸਰਕਾਰ ਦੇ ਮਾਲੀਏ ਨੂੰ ਵੀ ਚੂਨਾ ਲੱਗ ਰਿਹਾ ਹੈ।

ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਰੇਤ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਿਵਲ ਤੇ ਪੁਲਿਸ ਪ੍ਸ਼ਾਸਨ ਨੂੰ ਹਦਾਇਤ ਕੀਤੀ ਸੀ ਕਿ ਇਸ 'ਤੇ ਸਖਤ ਰੁਖ ਅਪਣਾਇਆ ਜਾਵੇ, ਜਿਸ ਤਹਿਤ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਵੱਲੋਂ ਰੇਤ ਦੀ ਇਸ ਕਾਲੀ ਖੇਡ ਖੇਡਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦੇਣ ਦੇ ਬਾਵਜੂਦ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਬਿਆਸ ਦਰਿਆ ਖੇਤਰ 'ਚੋਂ ਬੇੜੀਆਂ ਰਾਹੀਂ ਨਾਜਾਇਜ਼ ਮਾਈਨਿੰਗ ਕਰ ਕੇ ਰੇਤ ਵੇਚਣ ਦਾ ਗੋਰਖ ਧੰਦਾ ਬਦਸਤੂਰ ਜਾਰੀ ਹੈ। ਇਸ ਤੋਂ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਅਣਜਾਣ ਦਿਖਾਈ ਦੇ ਰਹੀ ਹੈ, ਜੋ ਰੇਤ ਮਾਫੀਆ ਅਤੇ ਪੁਲਿਸ 'ਚ ਸਭ ਠੀਕ ਠਾਕ ਹੋਣ ਦੀ ਗਵਾਹੀ ਭਰਦਾ ਹੈ।

ਹਾਲਾਂਕਿ ਬਿਆਸ ਦਰਿਆ 'ਚੋਂ ਰੇਤ ਚੋਰੀ ਕਰਨ ਦਾ ਮਾਮਲਾ ਕਈ ਵਾਰ ਸੁਰਖ਼ੀਆਂ 'ਚ ਆ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਵੈਰ ਸਿੰਘ, ਕਾਮਰੇਡ ਬਲਦੇਵ ਸਿੰਘ ਬੀਰਾ ਸਿੰਘ, ਯਾਦਵਿੰਦਰ ਸਿੰਘ ਆਦਿ ਨੇ ਕਿਹਾ ਕਿ ਥਾਣੇ ਤੋਂ ਕੁੱਝ ਦੂਰੀ 'ਤੇ ਧੂੰਦਾ ਪਿੰਡ ਦੇ ਖੇਤਰ 'ਚ ਪੈਂਦੇ ਬਿਆਸ ਦਰਿਆ 'ਚੋਂ ਬੇੜੀਆਂ ਰਾਹੀਂ ਰੇਤ ਕੱਢੀ ਜਾ ਰਹੀ ਹੈ। ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਇਸ ਗੋਰਖ ਧੰਦੇ ਨੂੰ ਸਿਆਸੀ ਸਰਪ੍ਸਤੀ ਹੋਣ ਕਰ ਕੇ ਪੁਲਿਸ ਹੱਥ ਨਹੀਂ ਪਾਉਂਦੀ ਤੇ ਬਿਨਾ ਰੋਕ ਤੋਂ ਰੇਤ ਦੀ ਮਾਈਨਿੰਗ ਧੜੱਲੇ ਨਾਲ ਹੋ ਰਹੀ ਹੈ।

ਕਿਸੇ ਸਿਆਸੀ ਦਬਾਅ ਹੇਠ ਕੰਮ ਨਹੀਂ ਕਰਦੀ ਪੁਲਿਸ : ਬਾਜਵਾ

ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਅਜਿਹਾ ਕੋਈ ਮਾਮਲਾ ਧਿਆਨ ਵਿਚ ਨਹੀਂ ਹੈ ਤੇ ਜੇ ਨਾਜਾਇਜ਼ ਮਾਈਨਿੰਗ ਹੁੰਦੀ ਪਾਈ ਗਈ ਤਾਂ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਕਿਸੇ ਸਿਆਸੀ ਦਬਾਅ ਹੇਠ ਕੰਮ ਨਹੀਂ ਕਰਦੀ।

ਸਥਾਨਕ ਅਧਿਕਾਰੀਆਂ ਕੋਲੋਂ ਲਈ ਜਾਵੇਗੀ ਰਿਪੋਰਟ : ਡੀਸੀ

ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਦੀਪ ਕੁਮਾਰ ਸੱਭਰਵਾਲ ਦਾ ਕਹਿਣਾ ਹੈ ਕਿ ਨਾਜਾਇਜ਼ ਮਾਈਨਿੰਗ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇ ਸ੍ਰੀ ਗੋਇੰਦਵਾਲ ਸਾਹਿਬ ਨਾਲ ਲੱਗਦੇ ਦਰਿਆ ਖੇਤਰ 'ਚ ਅਜਿਹਾ ਹੋ ਰਿਹਾ ਹੈ ਤਾਂ ਉਹ ਸਥਾਨਕ ਅਧਿਕਾਰੀਆਂ ਕੋਲੋਂ ਇਸ ਦੀ ਰਿਪੋਰਟ ਲੈਣਗੇ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਕਾਰਵਾਈ ਦੇ ਨਾਲ -ਨਾਲ ਜ਼ਿੰਮੇਵਾਰ ਅਧਿਕਾਰੀਆਂ 'ਤੇ ਵੀ ਬਣਦੀ ਕਾਰਵਾਈ ਹੋਵੇਗੀ।