ਜਾਗਰਣ ਪੱਤਰਕਾਰ, ਛੇਹਰਟਾ (ਅੰਮ੍ਰਿਤਸਰ) : ਥਾਣਾ ਘਰਿੰਡਾ ਦੇ ਪਿੰਡ ਬਾਸਰਕੇ ਨੇੜੇ ਗੁਰਪ੍ਰੀਤ ਸਿੰਘ ਉਰਫ ਗੋਪੀ (28) ਦੀ ਕੁਝ ਵਿਅਕਤੀਆਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪਤਾ ਲੱਗਾ ਹੈ ਕਿ ਬੀਤੀ ਰਾਤ ਕੁਝ ਲੋਕ ਉਸ ਨੂੰ ਆਪਣੇ ਨਾਲ ਪਾਰਟੀ 'ਚ ਲੈ ਗਏ ਸਨ ਤੇ ਗੇਟ ਨੇੜੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਫਿਲਹਾਲ ਕਾਤਲਾਂ ਦਾ ਪਤਾ ਲਗਾਉਣ 'ਚ ਪੁਲਿਸ ਜੁਟੀ ਹੋਈ ਹੈ। ਗੁਰਪ੍ਰੀਤ ਨੇ ਕੁਝ ਦਿਨਾਂ ਬਾਅਦ ਹੀ 4 ਸਾਲਾ ਬੇਟੀ ਦੇ ਨਾਲ ਪਤਨੀ ਕੋਲ ਕੈਨੇਡਾ ਜਾਣਾ ਸੀ।

ਡੀਐਸਪੀ ਸੰਜੀਵ ਠਾਕੁਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਨੇ ਘਟਨਾ ਵਾਲੀ ਥਾਂ ਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।

ਕੈਨੇਡਾ ਰਹਿੰਦੀ ਹੈ ਪਤਨੀ

ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਗੋਪੀ ਦਾ ਵਿਆਹ ਪੰਜ ਸਾਲ ਪਹਿਲਾਂ ਹੋਇਆ ਸੀ। ਪਤਨੀ ਕੈਨੇਡਾ 'ਚ ਹੈ ਤੇ ਉਹ ਆਪਣੀ ਚਾਰ ਸਾਲਦੀ ਧੀ ਨਾਲ ਇੱਥੇ ਰਹਿ ਰਿਹਾ ਹੈ। ਲਗਪਗ 20 ਦਿਨਾਂ ਬਾਅਦ ਉਸ ਨੇ ਆਪਣੀ ਮਾਸੂਮ ਧੀ ਨਾਲ ਪਤਨੀ ਕੋਲ ਕੈਨੇਡਾ ਪਹੁੰਚ ਜਾਣਾ ਸੀ।

ਦੋਸਤ ਘਰੋਂ ਬੁਲਾ ਕੇ ਲੈ ਗਏ ਸੀ ਪਾਰਟੀ 'ਚ

ਸ਼ੁੱਕਰਵਾਰ ਰਾਤ ਕੁਝ ਦੋਸਤ ਉਨ੍ਹਾਂ ਕੋਲ ਪਹੁੰਚੇ ਤੇ ਪਾਰਟੀ 'ਚ ਹਿੱਸਾ ਲੈਣ ਲਈ ਆਪਣੇ ਨਾਲ ਲੈ ਗਏ। ਹਾਲਾਂਕਿ ਉਸ ਤੋਂ ਬਾਅਦ ਕੁਝ ਪਤਾ ਨਹੀਂ ਚੱਲ ਸਕਿਆ। ਪੁਲਿਸ ਨੂੰ ਸ਼ਨਿਚਰਵਾਰ ਸਵੇਰੇ ਬਾਸਰਕੇ ਰੇਲਵੇ ਫਾਟਕ ਨੇੜੇ ਗੁਰਪ੍ਰੀਤ ਸਿੰਘ ਦੀ ਲਾਸ਼ ਚਿੱਟੇ ਕੱਪੜਿਆਂ 'ਚ ਮਿਲੀ। ਉਸ ਦੇ ਸਰੀਰ 'ਤੇ ਤਿੰਨ ਗੋਲ਼ੀਆਂ ਦੇ ਨਿਸ਼ਾਨ ਸਨ। ਸਪਸ਼ਟ ਸੀ ਕਿ ਮੁਲਜ਼ਮਾਂ ਨੇ ਗੁਰਪ੍ਰੀਤ ਨੂੰ ਸੜਕ ’ਤੇ ਗੋਲ਼ੀ ਮਾਰ ਦਿੱਤੀ ਤੇ ਫਿਰ ਲਾਸ਼ ਕਾਰ ਵਿੱਚ ਰੱਖ ਕੇ ਏਸੀ ਚਾਲੂ ਕਰ ਦਿੱਤਾ। ਪੁਲਿਸ ਦੋਸ਼ੀਆਂ ਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁਟੀ ਹੋਈ ਹੈ।

Posted By: Seema Anand